28 ਜੁਲਾਈ ਨੂੰ ਮੋਗਾ ਵਿਖੇ ਇਕ ਨਿੱਜੀ ਸਕੂਲ ਦੇ ਅਧਿਆਪਕ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਂਡ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਅਧਿਆਪਕ ਦੇ ਪੁੱਤਰ ਨੇ ਕੀਤਾ ਹੈ। ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਅਧਿਆਪਕ ਬੂਟਾ ਸਿੰਘ ਦਾ ਅਣਪਛਾਤਿਆਂ ਵਲੋਂ ਉਸ ਸਮੇਂ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸਕੂਲ ਤੋਂ ਘਰ ਜਾ ਰਿਹਾ ਸੀ। ਇਹ ਕਤਲ ਮ੍ਰਿਤਕ ਬੂਟਾ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਲਨੀਤ ਖੁਰਾਣਾ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਕਾਰ ਵਿਚ ਸੀ ਅਤੇ ਉਸ ਨੇ ਪਹਿਲਾਂ ਆਪਣੇ ਪਿਤਾ ਦੀ ਐਕਟਿਵਾ ਵਿਚ ਟੱਕਰ ਮਾਰੀ, ਜਿਸ ਨਾਲ ਬੂਟਾ ਸਿੰਘ ਸੜਕ ’ਤੇ ਡਿੱਗ ਗਿਆ, ਫਿਰ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦਰਮਿਆਨ ਅਧਿਆਪਕ ਬੂਟਾ ਸਿੰਘ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਦਾ ਪੁੱਤਰ ਹਰਪ੍ਰੀਤ ਸਿੰਘ ਆਪਣੇ ਪਿਤਾ ਤੋਂ ਵੱਖ ਰਹਿੰਦਾ ਸੀ ਅਤੇ ਪਿਤਾ ਦੀ ਜਾਇਦਾਦ ਵਿਚ ਹਿੱਸਾ ਲੈਣਾ ਚਾਹੁੰਦਾ ਸੀ। ਇਸ ਦੇ ਚੱਲਦੇ ਉਸ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ।

ਬੀਤੇ ਦਿਨੀਂ ਨਜ਼ਦੀਕੀ ਪਿੰਡ ਸਲੇਮਪੁਰ ਦੇ ਇਕ ਵਿਅਕਤੀ ਦੇ ਸ਼ੱਕੀ ਹਾਲਤ ਵਿਚ ਹੋਏ ਕਤਲ ਦੀ ਗੁੱਥੀ ਨੂੰ ਪੁਲਸ ਨੇ 48 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਡੀ. ਐੱਸ. ਪੀ ਰਾਜੇਸ਼ ਕੁਮਾਰ ਕਪਲਿਸ਼ ਨੇ ਦੱਸਿਆ ਕਿ ਐੱਸ. ਪੀ. ਮਨਵਿੰਦਰਵੀਰ ਸਿੰਘ, ਤਲਵਿੰਦਰ ਸਿੰਘ ਗਿੱਲ ਡੀ. ਐੱਸ. ਪੀ. (ਡੀ) ਸਥਾਨਕ ਐੱਸ. ਐੱਚ. ਓ. ਰਵਿੰਦਰ ਸਿੰਘ ਸਮੇਤ ਸੀ. ਆਈ. ਏ. ਸਟਾਫ ਰੂਪਨਗਰ ਅਤੇ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਲੋਂ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਤੋਂ ਕੀਤੀ ਪੁੱਛਗਿਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਮਨਜੀਤ ਸਿੰਘ ਨੂੰ ਉਸ ਦੇ ਉਪਰੋਕਤ ਪੁੱਤਰ ਵਲੋਂ ਹੀ ਫਿਰੌਤੀ ਦੇ ਕੇ ਕਤਲ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੇ ਆਪਣੇ ਪਿਤਾ ਦੀ 8 ਏਕੜ ਜ਼ਮੀਨ ਹਥਿਆਉਣ ਲਈ ਇਹ ਕਤਲ ਕਰਵਾਇਆ ਹੈ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਆਪਣੀ ਜ਼ਮੀਨ ਵੇਚ ਸਕਦਾ ਹੈ ਜਾਂ ਕਿਸੇ ਦੂਜੇ ਦੇ ਨਾਂ ਕਰਵਾ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਦਾ ਕਤਲ ਅਰਸ਼ਪ੍ਰੀਤ ਸਿੰਘ ਹੈਪੀ ਪੁੱਤਰ ਕਰਤਾਰ ਸਿੰਘ ਵਾਸੀ ਬਾਸੀਆਂ ਬੇਟ ਹਾਲ ਵਾਸੀ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਨਾਲ 3 ਲੱਖ ਰੁਪਏ ਦੀ ਫਿਰੌਤੀ ਤੈਅ ਕਰ ਕੇ ਕਰਵਾਇਆ ਹੈ, ਜਿਸ ਦੇ 1 ਲੱਖ ਰੁਪਏ ਪੇਸ਼ਗੀ ਵਜੋਂ ਦੇ ਦਿੱਤੇ ਅਤੇ ਬਾਕੀ 2 ਲੱਖ ਕੰਮ ਹੋਣ ਤੋਂ ਬਾਅਦ ਦੇਣੇ ਤੈਅ ਹੋਏ ਸਨ।


ਉਕਤ ਅਧਿਕਾਰੀ ਨੇ ਦੱਸਿਆ ਕਿ ਕਤਲ ਵਾਲੀ 27 ਅਤੇ 28 ਜੁਲਾਈ ਦੀ ਦਰਮਿਆਨੀ ਰਾਤ ਮਨਜੀਤ ਸਿੰਘ ਦੀ ਸ਼ਨਾਖਤ ਉਸ ਦੇ ਪੁੱਤਰ ਰਵਿੰਦਰ ਸਿੰਘ ਨੇ ਅਰਸ਼ਪ੍ਰੀਤ ਸਿੰਘ ਆਦਿ ਨੂੰ ਕਰਵਾ ਦਿੱਤੀ ਸੀ, ਜਿਨ੍ਹਾਂ ਨੇ ਮਨਜੀਤ ਸਿੰਘ ਨੂੰ ਸ਼ਰਾਬ ਪਿਲਾ ਕੇ ਪਿੰਡ ਗੱਗੋਂ ਤੇ ਸਲੇਮਪੁਰ ਲਿੰਕ ਸੜਕ ’ਤੇ ਇਕ ਮੋਟਰ ਨੇੜੇ ਕੁੱਟਮਾਰ ਕਰਨ ਤੋਂ ਬਾਅਦ ਆਪਣੀ ਸਵਿਫਟ ਕਾਰ ਵਿਚ ਬਿਠਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਲਾਸ਼ ਨੇੜੇ ਹੀ ਖੇਤਾਂ ਵਿਚ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਰਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਸਤਵਿੰਦਰ ਸਿੰਘ ਨੂੰ ਪੁਲਸ ਨੇ ਬੀਤੀ ਦਿਨੀਂ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ ਮੋਹਣ ਸਿੰਘ, ਰਣਜੀਤ ਸਿੰਘ ਅਤੇ ਸਵਰਨ ਸਿੰਘ ਆਦਿ ਵੀ ਹਾਜ਼ਰ ਸਨ।