ਜਲੰਧਰ- ਜਲੰਧਰ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੱਲੋਂ ਭਾਜਪਾ ਨੇਤਾ ’ਤੇ ਗੰਭੀਰ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਭੁਪਿੰਦਰ ਸਿੰਘ ਮੱਕੜ ਨੇ ਭਾਜਪਾ ਨੇਤਾ ਮੁਕੇਸ਼ ਪੁਰੀ ’ਤੇ ਚੋਰੀ ਕਰਨ ਦੇ ਦੋਸ਼ ਲਗਾਏ ਹਨ। ਚੋਰੀ ਦੀ ਐੱਫ਼. ਆਈ. ਆਰ. ਭੁਪਿੰਦਰ ਸਿੰਘ ਵੱਲੋਂ ਭਾਰਗੋਂ ਕੈਂਪ ਪੁਲਸ ਥਾਣਾ ’ਚ ਕਰਵਾਈ ਗਈ। ਇਸ ’ਤੇ ਹੁਣ ਮੁਕੇਸ਼ ਪੁਰੀ ਉਰਫ਼ ਮੋਨੂੰ ਦਾ ਬਿਆਨ ਸਾਹਮਣੇ ਆਇਆ ਹੈ।

ਨੈਸ਼ਨਲ ਹਾਈਵੇਅ ’ਤੇ ਸਥਿਤ ਮੱਕੜ ਮੋਟਰਸ ਦੇ ਮਾਲਕ ਭੁਪਿੰਦਰ ਸਿੰਘ ਨੇ ਦੋਸ਼ ਲਗਾਉਂਦੇ ਕਿਹਾ ਕਿ ਮਕਸੂਦਾਂ ਮੰਡੀ ’ਚ ਆਲੂ ਕਾਰੋਬਾਰੀ ਅਤੇ ਭਾਜਪਾ ਨੇਤਾ ਮੁਕੇਸ਼ ਪੁਰੀ ਉਰਫ਼ ਮੋਨੂੰ ਉਨ੍ਹਾਂ ਦਾ ਦੋਸਤ ਹੈ। ਪਿਛਲੇ ਦਿਨੀਂ ਉਹ ਘਰ ’ਚ ਮਿਲਣ ਆਇਆ ਸੀ। ਉਹ ਦੋਵੇਂ ਚਾਹ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਫ਼ੋਨ ਆਇਆ ਕਿ ਮੁਕੇਰੀਆਂ ’ਚ ਉਨ੍ਹਾਂ ਦੀ ਭੈਣ ਦਾ ਐਕਸੀਡੈਂਟ ਹੋ ਗਿਆ ਹੈ। ਉਹ ਤੁਰੰਤ ਘਰੋਂ ਨਿਕਲ ਗਏ। ਇਸ ਦੌਰਾਨ ਉਹ ਲਾਕਰ ਨੂੰ ਲਾਕ ਕਰਨਾ ਭੁੱਲ ਗਏ ਸਨ। ਮੋਨੂੰ ਦੇ ਇਲਾਵਾ ਘਰ ’ਚ ਕੋਈ ਨਹੀਂ ਸੀ। ਮੋਨੂੰ ਨੇ ਉਨ੍ਹਾਂ ਦੇ ਘਰੋਂ 50 ਲੱਖ ਰੁਪਏ ਦੀ ਨਕਦੀ, ਡਾਇਮੰਡ ਸੈੱਟ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ।

ਉਧਰ ਮੋਨੂੰ ਪੁਰੀ ਨੇ ਭੁਪਿੰਦਰ ਮੱਕੜ ’ਤੇ ਦੋਸ਼ ਲਗਾਇਆ ਹੈ ਕਿ ਮੱਕੜ ਉਨ੍ਹਾਂ ਦੀ ਜਾਇਦਾਦ ਲੈਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭੁਪਿੰਦਰ ਮੱਕੜ ਵੱਲੋਂ ਲਗਾਏ ਗਏ ਦੋਸ਼ ਗ਼ਲਤ ਹਨ। ਅੱਗੇ ਉਨ੍ਹਾਂ ਨੇ ਕਿਹਾ ਕਿ ਸਾਲ 2016 ’ਚ ਨੋਟਬੰਦੀ ’ਚ ਉਨ੍ਹਾਂ ਨੇ ਭੁਪਿੰਦਰ ਸਿੰਘ ਮੱਕੜ ਤੋਂ 30 ਲੱਖ ਰੁਪਏ ਦਾ ਚੈੱਕ ਲਿਆ ਸੀ ਅਤੇ ਉਸ ਦੇ ਬਦਲੇ ’ਚ ਪ੍ਰਾਪਰਟੀ ਦਾ ਬਿਆਨਾ ਲਿਖਵਾਇਆ ਸੀ। ਮੋਨੂੰ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਾਲ ਤੱਕ ਉਸ ਰਕਮ ਦਾ ਬਿਆਜ਼ ਦਿੱਤਾ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਨਾ ਕਦੇ ਪੇਮੈਂਟ ਦਿੱਤੀ ਅਤੇ ਨਾ ਹੀ ਬਿਆਜ਼, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਾਲ 2018 ’ਤੇ ਉਨ੍ਹਾਂ ’ਤੇ ਕੇਸ ਦਰਜ ਕਰ ਦਿੱਤਾ। ਮੋਨੂੰ ਨੇ ਕਿਹਾ ਕਿ ਉਨ੍ਹਾਂ ਨੇ 2021 ’ਚ ਭੁਪਿੰਦਰ ਸਿੰਘ ਨੂੰ ਸਾਰੀ ਰਕਮ ਦੇ ਦਿੱਤੀ ਸੀ ਤਾਂ ਉਨ੍ਹਾਂ ਨੇ ਵੀ ਕੇਸ ਵਾਪਸ ਲੈ ਲਿਆ ਸੀ।

ਅੱਗੇ ਕਿਹਾ ਕਿ ਸਾਰੀ ਰਕਮ ਦੇਣ ਦੇ ਬਾਅਦ ਉਨ੍ਹਾਂ ਨੇ ਮੱਕੜ ਤੋਂ ਆਪਣੀ ਪ੍ਰਾਪਟੀ ਦਾ ਬਿਆਨਾ ਵਾਪਸ ਦੇਣ ਨੂੰ ਕਿਹਾ ਤਾਂ ਉਨ੍ਹਾਂ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਉਲਟਾ ਉਨ੍ਹਾਂ ਨੇ 3 ਸਾਲ ਦਾ ਬਿਆਜ਼ ਮੰਗਿਆ, ਜਿਸ ਦੀ ਰਕਮ 30-40 ਲੱਖ ਰੁਪਏ ਦੱਸੀ। ਇਸ ਦੇ ਚਲਦਿਆਂ ਉਨ੍ਹਾਂ ਨੇ ਉਸ ’ਤੇ ਝੂਠੀ ਐੱਫ਼. ਆਈ. ਆਰ. ਦਰਜ ਕਰਵਾਈ ਹੈ।