ਜ਼ਿਲ੍ਹੇ ‘ਚ ਸਥਿਤ ਗਰੀਬਨਾਥ ਮੰਦਰ ਨੇੜੇ ਸਥਿਤ ਗੋਵਿੰਦ ਸਾਗਰ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ । ਇੱਥੇ 7 ਨੌਜਵਾਨ ਪਾਣੀ ਵਿਚ ਡੁੱਬ ਗਏ । ਦੱਸਿਆ ਜਾ ਰਿਹਾ ਹੈ ਕਿ 11 ਨੌਜਵਾਨ ਬਨੂੜ ਤੋਂ ਘੁੰਮਣ ਆਏ ਸਨ । ਇਸ ਦੌਰਾਨ ਸਾਰੇ ਨੌਜਵਾਨ ਗੋਵਿੰਦ ਸਾਗਰ ਝੀਲ ‘ਚ ਨਹਾਉਣ ਲਈ ਉਤਰੇ । ਇਨ੍ਹਾਂ ‘ਚੋਂ 4 ਨੌਜਵਾਨ ਪਾਣੀ ‘ਚੋਂ ਬਾਹਰ ਆ ਗਏ ਪਰ 7 ਨੌਜਵਾਨ ਡੁੱਬ ਗਏ । ਸੂਚਨਾ ਮਿਲਦੇ ਹੀ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੰਜਾਬ ਦੇ ਜ਼ਿਲ੍ਹਾ ਐੱਸਏਐੱਸ ਨਗਰ ਮੁਹਾਲੀ ਅਧੀਨ ਪੈਂਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨਾਂ ਦੀ ਇੱਥੇ ਅੰਦਰੌਲੀ ਪਿੰਡ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ ਲਗਪਗ 30 ਸਾਲ ਜਦਕਿ ਬਾਕੀ ਸਾਰਿਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ। ਜਾਣਕਾਰੀ ਮੁਤਾਬਕ 11 ਜਣਿਆਂ ਦਾ ਗਰੁੱਪ ਇੱਥੇ ਝੀਲ ’ਤੇ ਘੁੰਮਣ ਆਇਆ ਸੀ। ਬਾਅਦ ਵਿੱਚ ਉਹ ਝੀਲ ਵਿੱਚ ਤੈਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਇਹ ਘਟਨਾ ਲਗਪਗ 3.40 ਵਜੇ ਵਾਪਰੀ। ਤੈਰਦੇ ਸਮੇਂ ਡੁੱਬ ਰਹੇ ਇੱਕ ਨੌਜਵਾਨ ਨੂੰ ਬਚਾਉਣ ਕੋਸ਼ਿਸ਼ ਦੌਰਾਨ ਛੇ ਹੋਰ ਵੀ ਡੁੱਬ ਗਏ ਜਦਕਿ ਚਾਰ ਜਣੇ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ। ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।