ਐਸ਼ਵਰਿਆ ਰਾਏ ਦੀ ਫਿਲਮ “ਪ੍ਰੋਵੋਕਡ PROVOKED”..ਵਲੈਤ ਵਿਆਹ ਕੇ ਆਈ ਇੱਕ ਘੱਟ ਪੜੀ ਲਿਖੀ ਕੁੜੀ..ਅਗਿਓਂ ਇੱਕ ਵਿਗੜੈਲ ਨਿਕੰਮਾ..ਗਿਰਿਆ ਹੋਇਆ..ਜੂਏਬਾਜ਼..ਨਾਈਟ ਕਲੱਬਾਂ ਦਾ ਸ਼ੁਕੀਨ..ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਦਾ ਹੋਇਆ ਚਾਰ ਫੇਰ ਲੈ ਕੇ ਨਾਲਦਾ ਬਣਿਆ ਪੈਰ ਪੈਰ ਤੇ ਸਰੀਰਕ ਅਤੇ ਮਾਨਸਿਕ ਬਲਾਤਕਾਰ ਕਰਦਾ ਹੋਇਆ..!ਅਖੀਰ ਇੱਕ ਦਿਨ ਉਸਨੂੰ ਮੁਕਾ ਹੀ ਦਿੰਦੀ ਏ..ਫੇਰ ਜੇਲ ਅੰਦਰ ਆਉਂਦੇ ਸੁਫ਼ਨੇ..ਸਹੁਰਾ ਪਰਿਵਾਰ..ਦੋ ਬੱਚਿਆਂ ਦੀ ਯਾਦ..ਨਾਲਦੇ ਕੈਦੀਆਂ ਦੀਆਂ ਵਧੀਕੀਆਂ..ਹੋਰ ਵੀ ਕਿੰਨਾ ਕੁਝ..ਅੱਧੀ ਰਾਤ ਅੱਬੜਵਾਹੇ ਉੱਠ ਜਾਂਦੀ..!ਮੇਰੇ ਮੁਤਾਬਿਕ ਏਧਰ ਆਈ ਅਤੇ ਆਏ ਹਰੇਕ ਨੂੰ ਇਹ ਫਿਲਮ ਜਰੂਰ ਵੇਖਣੀ ਚਾਹੀਦੀ..!

ਕਈਆਂ ਸੁਨੇਹੇ ਭੇਜੇ..ਉਹ ਲਾਈਵ ਹੋ ਕੇ ਮੁੱਕ ਗਈ ਅਤੇ ਤੁਸਾਂ ਕੁਝ ਲਿਖਿਆ ਹੀ ਨਹੀਂ..ਦੋਸਤੋ ਇਥੇ ਧੱਕੇਸ਼ਾਹੀ ਦੋਵਾਂ ਪਾਸਿਆਂ ਤੋਂ ਹੁੰਦੀ ਏ..ਕੁਝ ਕਹਾਣੀਆਂ ਕਿੱਸੇ ਸਾਮਣੇ ਆ ਜਾਂਦੇ ਕੁਝ ਨਹੀਂ..ਇਥੇ ਕਨੂੰਨ ਪੁਲਸ ਸਿਸਟਮ ਅਤੇ ਨੌਂ ਸੌ ਗਿਆਰਾਂ ਨੰਬਰ ਪੀੜਤ ਨੂੰ ਸੈਨਤਾਂ ਮਾਰ ਮਾਰ ਆਖਦੇ..ਵਧੀਕੀ ਹੋ ਰਹੀ ਏ ਤਾਂ ਅੰਦਰੋਂ ਅੰਦਰ ਨਾ ਸਹੀ ਜਾ..ਮੇਰੀ ਬੁੱਕਲ ਵਿਚ ਆ..ਮੈਂ ਤੇਰੀ ਰਾਖੀ ਕਰਾਂਗਾ..!ਪਰ ਅਗਲਾ ਕੁੜਿੱਕੀ ਵਿਚ ਹੀ ਐਸਾ ਫਸਾ ਕੇ ਰਖਿਆ ਹੁੰਦਾ ਕੇ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ..ਕਈ ਆਖਦੇ ਮੈਂ ਟਰੱਕ ਤੇ ਹੁੰਦਾ ਮਗਰੋਂ ਇੰਝ ਕਰਦੀ ਉਂਝ ਕਰਦੀ..ਬੱਚਿਆਂ ਖਾਤਰ ਸਭ ਸਹਿਣਾ ਪੈਂਦਾ..ਕੁਝ ਆਖਦੀਆ ਇਸਨੇ ਬਾਹਰ ਵੀ ਰੱਖੀ ਹੋਈ..ਕੁਝ ਨੀ ਕਰ ਸਕਦੀ..ਜਵਾਕ ਰੁਲ ਜਾਣੇ..ਪਿੱਛੋਂ ਮਾਪੇ ਵੀ ਏਨੇ ਸਰਦੇ ਪੁੱਜਦੇ ਨਹੀਂ ਕੇ ਮੈਨੂੰ ਝੱਲ ਸਕਣ!ਕੁਝ ਚਾਰ ਦੀਵਾਰੀ ਅੰਦਰ ਹੀ ਸ਼ਿਕਾਰ ਬਣਦੀਆਂ..ਦਿਓਰ ਜੇਠ ਸਹੁਰਾ ਜੀਜਾ ਮਾਲਕ ਮਕਾਨ ਅਤੇ ਕਿਧਰੇ ਕਲਜੁਗ ਦੀ ਤ੍ਰਾਸਦੀ ਦੇ ਮਾਰੇ ਹੋਏ ਕੁਝ ਸਗੇ ਪਿਓ ਭਰਾ ਅਤੇ ਥੋੜੀ ਉਮਰ ਦੇ ਫਰਕ ਤੇ ਖਲੋਤੀ ਹੋਈ ਅਗਲੀ ਪੀੜੀ ਦੇ ਕਰੀਬੀ..!

ਸਮਝੌਤੇ ਤੋਂ ਇਲਾਵਾ ਕੋਈ ਹੋਰ ਰਾਹ ਹੀ ਨਹੀਂ ਬੱਚਦਾ..ਮੁੱਕਦੀ ਗੱਲ ਨਾਨਕ ਦੁਖੀਆ ਸਭ ਸੰਸਾਰ..ਇਸ ਸਭ ਤੋਂ ਘਬਰਾ ਕੇ ਖ਼ੁਦਕੁਸ਼ੀ ਕਰ ਲੈਣੀ ਉਸ ਜਹਿਰ ਦੇ ਬਰੋਬਰ ਏ ਜਿਸਨੂੰ ਪੀਣ ਮਗਰੋਂ ਸੋਚਦੇ ਹਾਂ ਕੇ ਅਗਲਾ ਮਰ ਜਾਵੇ..ਆਪ ਮੋਏ ਜੱਗ ਪਰਲੋ..ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ..ਦੋ ਚਾਰ ਦਿਨ ਚਿੱਟੀਆਂ ਚਾਦਰਾਂ ਤੇ ਬੈਠ ਆਪਣੇ ਕੰਮ ਧੰਦੇ ਲੱਗ ਜਾਂਦੀ ਏ..ਫਰਕ ਪੈਂਦਾ ਸਿਰਫ ਉਸ ਮਾਸੂਮ ਨੂੰ ਜਿਹੜੀ ਉਸ ਵੀਡਿਓ ਵਿਚ ਸਾਫ ਆਖ ਰਹੀ ਪਾਪਾ ਮੰਮੀ ਨੂੰ ਨਾ ਮਾਰੋ!ਅਗਰ ਵਧੀਕੀ ਹੋ ਰਹੀ ਏ ਤਾਂ ਲੀਕ ਤੋਂ ਹਟ ਕੇ ਵਿੱਚਰਨਾ ਪੈਣਾ..ਇੱਕ ਹੱਦ ਨਿਸ਼ਚਿਤ ਕਰਨੀ ਪੈਣੀ..ਭਾਵੇਂ ਹੋਵੇ ਆਪਣਾ ਤੇ ਭਾਵੇਂ ਬੇਗਾਨਾ..ਜਿਹੜਾ ਵੀ ਇਹ ਲੀਕ ਟੱਪ ਗਿਆ ਓਥੇ ਸੰਗ ਸ਼ਰਮ ਲੋਕ ਲਾਜ ਦਯਾ ਧਰਮ ਕਿੰਤੂ ਪ੍ਰੰਤੂ ਇੰਝ ਉਂਝ ਜਜਬਾਤ ਅਤੇ ਨਰਮੀਆਂ ਸਭ ਕੁਝ ਪਾਸੇ ਰੱਖ ਭੱਜਦਿਆਂ ਲਈ ਵਾਹਣ ਬਰੋਬਰ ਕਰਨੇ ਹੀ ਪੈਣੇ..!
ਮਾਰੇ ਨਾਲੋਂ ਭਜਾਇਆ ਬੇਸ਼ੱਕ ਚੰਗਾ ਹੁੰਦਾ ਪਰ ਜੇ ਪੱਕਾ ਪਤਾ ਹੋਵੇ ਕੇ ਇਸ ਵੇਰ ਭਜਾ ਦਿੱਤਾ ਮੌਕਾ ਮਿਲਦਿਆਂ ਹੀ ਪਰਤ ਕੇ ਜਰੂਰ ਆਵੇਗਾ..ਓਥੇ ਅੱਕ ਚੱਬਣ ਵਿਚ ਕੋਈ ਹਰਜ ਨਹੀਂ..!
ਦਸਮ ਪਿਤਾ ਨੇ ਵੀ ਸਿੱਧੀ ਲੀਕ ਹੀ ਵਾਹ ਕੇ ਵਿਖਾ ਦਿੱਤੀ ਕੇ ਜਿਥੇ ਅਪੀਲ ਦਲੀਲ ਬੇਨਤੀਆਂ ਅਰਜੋਈਆਂ ਅਤੇ ਹੋਰ ਅਹੁੜ-ਪੌੜ੍ਹ ਬੇਅਸਰ ਹੋ ਜਾਣ ਓਥੇ ਕਿਰਪਾਨ ਦੀ ਮੁੱਠ ਨੂੰ ਹੱਥ ਪਾਉਣਾ ਜਾਇਜ ਏ!
ਹਰਪ੍ਰੀਤ ਸਿੰਘ ਜਵੰਦਾ