ਭਾਜਪਾ ਵਿਧਾਇਕ ਦਾ ਇਸ ਬਿਆਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਉਹਨਾਂ ਨੂੰ ਲਾਹਨਤਾਂ ਵੀ ਪਾ ਰਹੇ ਹਨ।

ਨਵੀਂ ਦਿੱਲੀ: ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਵਾਲੇ 11 ਲੋਕਾਂ ਦੀ ਰਿਹਾਈ ਦਾ ਮਾਮਲਾ ਗਰਮਾ ਰਿਹਾ ਹੈ। ਹੁਣ ਇਸ ਮਾਮਲੇ ਦੇ ਦੋਸ਼ੀਆਂ ਨੂੰ ਲੈ ਕੇ ਗੋਧਰਾ ਦੇ ਭਾਜਪਾ ਵਿਧਾਇਕ ਦਾ ਸ਼ਰਮਸਾਰ ਬਿਆਨ ਸਾਹਮਣੇ ਆਇਆ ਹੈ।


ਸੀਕੇ ਰਾਊਲਜੀ ਇਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੇ ਹਨ ਕਿ ਮੈਂ ਨਹੀਂ ਜਾਣਦਾ ਕਿ ਉਹਨਾਂ ਨੇ ਅਪਰਾਧ ਕੀਤਾ ਹੈ ਜਾਂ ਨਹੀਂ ਪਰ ਅਪਰਾਧ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ। ਇਸ ਤੋਂ ਅੱਗੇ ਵਿਧਾਇਕ ਨੇ ਕਿਹਾ ਕਿ ਉਹ ਬ੍ਰਾਹਮਣ ਹਨ ਅਤੇ ਬ੍ਰਾਹਮਣ ਚੰਗੇ ਸੰਸਕਾਰਾਂ ਨਾਲ ਜਾਣੇ ਜਾਂਦੇ ਹਨ।

ਹੋ ਸਕਦਾ ਹੈ ਕਿਸੇ ਦਾ ਉਨ੍ਹਾਂ ਨੂੰ ਫਸਾਉਣ ਅਤੇ ਸਜ਼ਾ ਦਿਵਾਉਣ ਦਾ ਮਾੜਾ ਇਰਾਦਾ ਹੋਵੇ। ਜੇਲ੍ਹ ਵਿਚ ਰਹਿੰਦੇ ਹੋਏ ਉਹਨਾਂ ਦਾ ਵਿਵਹਾਰ ਚੰਗਾ ਸੀ। ਭਾਜਪਾ ਵਿਧਾਇਕ ਦਾ ਇਸ ਬਿਆਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਉਹਨਾਂ ਨੂੰ ਲਾਹਨਤਾਂ ਵੀ ਪਾ ਰਹੇ ਹਨ।

ਗੁਜਰਾਤ ਵਿੱਚ 2002 ਤੋਂ ਬਾਅਦ ਦੇ ਗੋਧਰਾ ਦੰਗਿਆਂ ਦੀ ਪੀੜਤ ਬਿਲਕੀਸ ਬਾਨੋ ਨੇ ਕਿਹਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਨਾਲ ਜੁੜੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਉਸ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਟੁੱਟ ਗਿਆ ਹੈ। ਬਿਲਕੀਸ ਬਾਨੋ ਨੇ ਗੁਜਰਾਤ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਸ਼ਾਂਤੀ ਅਤੇ ਡਰ ਤੋਂ ਬਿਨਾਂ ਜ਼ਿੰਦਗੀ ਜੀਉਣ ਦਾ ਅਧਿਕਾਰ ਵਾਪਸ ਕਰਨ ਦੀ ਅਪੀਲ ਕੀਤੀ।