ਸਿੱਧੂ ਮੂਸੇ ਵਾਲੇ ਦਾ ‘ਐੱਸ. ਵਾਈ. ਐੱਲ.’ ਗੀਤ ਕਿਸ ਨੇ ਕੀਤਾ ਬੈਨ ?

ਕੌਮਾਂਤਰੀ ਪੱਧਰ ਦੇ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਬੈਨ ਕਰਨ ਬਾਰੇ , ਮੁੰਬਈ ਦੇ ਵਾਸੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਆਰ. ਟੀ. ਆਈ. ਰਾਹੀਂ ਪਾਈ ਸੀ, ਜਿਸ ਬਾਰੇ ਪਤਾ ਲਗਾ ਹੈ ਕਿ ਉਸ ਨੇ ਤਿੰਨਾਂ ਸਰਕਾਰਾਂ ਤੋਂ ਗੀਤ ਬੈਨ ਕਰਵਾਉਣ ਲਈ ਭੇਜੀ ਸ਼ਿਕਾਇਤ ਦੀ ਕਾਪੀ ਮੰਗੀ ਸੀ ਪਰ ਹੈਰਾਨਗੀ ਹੈ ਕਿ ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ।

ਦੱਸਣਯੋਗ ਹੈ ਕਿ ਗੀਤ ‘ਚ ਜਿਥੇ ਸਿੱਧੂ ਮੂਸੇ ਵਾਲਾ ਨੇ ਐੱਸ. ਵਾਈ. ਐੱਲ. ਯਾਨੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕਿਆ ਹੈ, ਉਥੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਗੀਤ ‘ਚ ਜ਼ਿਕਰ ਹੋਇਆ ਹੈ। ਗੀਤ ‘ਚ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਗੀਤ ‘ਚ ਪੁਰਾਣੇ ਪੰਜਾਬ ਦੀ ਗੱਲ ਹੋਈ ਹੈ, ਜਿਸ ‘ਚ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪੰਜਾਬ ਦਾ ਹਿੱਸਾ ਰਹੇ ਹਨ। ਇਸ ਦੇ ਨਾਲ ਹੀ ਪੱਗਾਂ ਤੇ ਟੋਪੀਆਂ ਦਾ ਜ਼ਿਕਰ ਕਰਦਿਆਂ ਗੀਤ ‘ਚ ਸਿੱਧੂ ਨੇ ਨੇਤਾਵਾਂ ਨੂੰ ਘੇਰਿਆ ਹੈ।

ਗੀਤ ‘ਚ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਹੋਇਆ ਹੈ। ਬਲਵਿੰਦਰ ਸੰਘ ਜਟਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐੱਸ. ਵਾਈ. ਐੱਲ. ਦੇ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰੀ ਸੀ, ਇਹ ਗੱਲ 1990 ਦੀ ਹੈ।

ਤਿੰਨਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਉਪਲੱਬਧ ਨਹੀਂ ਹੈ। ਮੂਸੇ ਵਾਲਾ ਦੇ ਕਤਲ ਦੇ ਲਗਭਗ ਇਕ ਮਹੀਨੇ ਬਾਅਦ ਇਹ ਗੀਤ ਰਿਲੀਜ਼ ਹੋਇਆ ਸੀ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ‘ਐੱਸ. ਵਾਈ. ਐੱਲ.’ ਗੀਤ ਬੈਨ ਕਰਨ ਦਾ ਕਾਰਨ ਜਾਣਨ ਲਈ ਉਸ ਨੇ ਕੇਂਦਰ ਦੇ ਸੂਚਨਾ ਪ੍ਰਸਾਰਣ ਤੇ ਗ੍ਰਹਿ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਤੋਂ ਸੂਚਨਾ ਮੰਗੀ ਸੀ।