ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋਣ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਚਾਰਜਸ਼ੀਟ ਤਿਆਰ ਕਰ ਲਈ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋਣ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਚਾਰਜਸ਼ੀਟ ਤਿਆਰ ਕਰ ਲਈ ਹੈ। ਇਹ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਜਾਵੇਗੀ ਜਿਸ ਮਗਰੋਂ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਜਾਏਗੀ। ਸਿੱਧੂ ਮੂਸੇਵਾਲਾ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਮਾਨਸਾ ਦੇ ਥਾਣਾ ਸਿਟੀ-1 ਵਿੱਚ ਕੇਸ ਦਰਜ ਕੀਤਾ ਗਿਆ ਸੀ।
40 ਗਵਾਹਾਂ ਦੇ ਲਿਖਤੀ ਬਿਆਨ ਦਰਜ
ਹਾਸਲ ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਵਿੱਚ ਮੂਸੇਵਾਲਾ ਦੇ ਕਤਲ ਲਈ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਤੇ ਸ਼ਾਰਪ ਸ਼ੂਟਰਾਂ ਸਮੇਤ 15 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਕੇਸ ਵਿੱਚ ਲਗਪਗ 40 ਗਵਾਹਾਂ ਦੇ ਲਿਖਤੀ ਬਿਆਨ ਦਰਜ ਕੀਤੇ ਗਏ ਹਨ, ਜਦਕਿ ਸਬੂਤਾਂ ਵਜੋਂ ਕਈ ਥਾਵਾਂ ਦੀਆਂ ਸੀਸੀਟੀਵੀ ਫੁਟੇਜ ਲਾਈਆਂ ਗਈਆਂ ਹਨ।
ਪੁਲਿਸ ਨੇ ਵਾਰਦਾਤ ਵੇਲੇ ਸਿੱਧੂ ਮੂਸੇਵਾਲਾ ਨਾਲ ਉਸ ਦੀ ਥਾਰ ਗੱਡੀ ਵਿੱਚ ਮੌਜੂਦ ਮੂਸਾ ਪਿੰਡ ਦੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਨੂੰ ਗਵਾਹ ਬਣਾਇਆ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਸ਼ਾਮਲ ਪੁਲਿਸ ਅਧਿਕਾਰੀ, ਪੋਸਟਮਾਰਟਮ ਕਰਨ ਵਾਲੇ ਸਿਵਲ ਹਸਪਤਾਲ ਮਾਨਸਾ ਦੇ ਡਾਕਟਰ, ਫੋਰੈਂਸਿਕ ਟੀਮ ਦੇ ਮੈਂਬਰ ਤੇ ਚਸ਼ਮਦੀਦ ਗਵਾਹਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਵਾਰਦਾਤ ਤੋਂ ਬਾਅਦ ਸ਼ੂਟਰਾਂ ਵੱਲੋਂ ਲੁਕਣ ਲਈ ਵਰਤੇ ਟਿਕਾਣਿਆਂ ਨੇੜਲੇ ਲੋਕਾਂ ਨੂੰ ਵੀ ਗਵਾਹ ਵਜੋਂ ਪੇਸ਼ ਕੀਤਾ ਗਿਆ ਹੈ।
ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਸਣੇ 15 ਜਣੇ ਨਾਮਜ਼ਦ
ਮਾਨਸਾ ਪੁਲਿਸ ਵੱਲੋਂ ਇਸ ਚਾਰਜਸ਼ੀਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮਨਮੋਹਨ ਸਿੰਘ ਮੋਹਣਾ ਰੱਲੀ, ਸੰਦੀਪ ਕੇਕੜਾ, ਦੀਪਕ ਟੀਨੂੰ, ਸਚਿਨ ਭਿਵਾਨੀ, ਕੇਸ਼ਵ ਬਠਿੰਡਾ ਸਮੇਤ ਸ਼ਾਰਪਸ਼ੂਟਰ ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਇੱਕ ਪੁਲਿਸ ਮੁਕਾਬਲੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਾਰੇ ਜਾ ਚੁੱਕੇ ਹਨ।