ਪਟਿਆਲਾ 26 ਅਗਸਤ – ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾ ਗੰਡਾ ਸਿੰਘ ਰੈਫਰੈਂਸ ਲਾਇਬਰੇਰੀ ਵਿੱਚ ਧਾਰਮਿਕ ਕਿਤਾਬਾਂ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਦਫਤਰ ਅੱਗੇ ਪੰਜਵੇਂ ਦਿਨ ਵੀ ਮੋਰਚਾ ਜਾਰੀ ਰਿਹਾ। ਇਸ ਮੌਕੇ ਸੈਫ਼ੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿੱਚ ਡਾ . ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਤੋਂ ਮੁੱਖ ਗੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੱਕ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੇ ਹੋਏ ਕੈਂਡਲ ਕੱਢਿਆ ਗਿਆ। ਯਾਦੂ ਨੇ ਕਿਹਾ ਕਿ ਸਾਡੇ ਨਾਲ ਕਿਸੇ ਪ੍ਰਸਾਸ਼ਨਿਕ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਬੇਅਦਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਹੋਏ ਹਨ ਜਿਸਦੇ ਭੋਗ ਕੱਲ ਪਾਏ ਜਾਣੇ ਹਨ।

ਸੈਫ਼ੀ ਦੇ ਆਗੂ ਖਲੀਲ ਖਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪਹਿਲਾਂ ਸਾਜਿਸ਼ 2015 ਵਿੱਚ ਘੜੀ ਗਈ ਸੀ, ਜਿਸ ਰਾਹੀਂ ਸਿੱਖ ਇਤਿਹਾਸ ਦੀਆਂ ਪੁਰਾਤਨ ਲਿਖਤਾਂ ਅਤੇ ਖਰੜਿਆਂ ਨੂੰ 2 ਟਰੱਕਾਂ ਵਿੱਚ ਲੱਦ ਕੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚੋਂ ਰੱਦੀ ਕਹਿ ਕੱਢਿਆਂ ਜਾ ਰਿਹਾ ਸੀ , ਸਾਡੇ ਵੱਲੋਂ ਉਸ ਸਮੇਂ ਵੀ ਸਿੱਖ ਇਤਿਹਾਸ ਦੇ ਅਨਮੋਲ ਖਜ਼ਾਨੇ ਨੂੰ ਟਰੱਕਾਂ ਵਿੱਚੋਂ ਉਤਾਰ ਸੁਰੱਖਿਅਤ ਸੰਭਾਲ ਵਾਪਿਸ ਲਾਇਬਰੇਰੀ ਵਿੱਚ ਰਖਵਾਇਆ ਗਿਆ ਸੀ । ਇਸੇ ਤਰ੍ਹਾਂ ਹੁਣ ਫ਼ਿਰ ਦੁਆਰਾ ਸਿੱਖ ਇਤਿਹਾਸ ਨੂੰ ਤਬਾਹ ਕਰਨ ਦੀ ਦੂਜੀ ਕੋਝੀ ਚਾਲ ਚੱਲੀ ਗਈ ਹੈ।ਖਲੀਲ ਖਾਨ ਨੇ ਕਿਹਾ ਕਿ ਇਹ ਬੇਅਦਬੀ ਸਿਰਫ਼ ਸਿੱਖ ਇਤਿਹਾਸ ਦੀ ਨਹੀਂ ਇਸ ਵਿੱਚ ਹਿੰਦੂ ਧਰਮ, ਇਸਲਾਮ ਅਤੇ ਹੋਰ ਪਵਿੱਤਰ ਪੁਸਤਕਾਂ, ਖਰੜੇ ਅਤੇ ਗ੍ਰੰਥ ਆਦਿ ਸ਼ਾਮਿਲ ਹਨ।ਯਾਦੂ ਨੇ ਕਿਹਾ ਕਿ ਅਸੀਂ ਵਿਸ਼ਵ ਦੇ ਸਾਰੇ ਧਾਰਮਿਕ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਘਟਨਾ ਨੂੰ ਚੰਗੀ ਤਰ੍ਹਾਂ ਵਿਚਾਰਨ ਅਤੇ ਸਾਡਾ ਸਾਥ ਦੇਣ ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ। ਯਾਦੂ ਨੇ ਕਿਹਾ ਕਿ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਅਤੇ ਜੇਕਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਂਦੇ ਦਿਨਾਂ ਵਿਚ ਸ਼ੰਘਰਸ ਹੋਰ ਤੇਜ਼ ਕਰਦੇ ਹੋਏ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ, ਗੁਰਪ੍ਰੀਤ ਸਿੰਘ,ਜਸ਼ਨ, ਮਨਦੀਪ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ, ਸਨਦੀਪ ਸਿੰਘ,ਹਰਮਨਵੀਰ ਸਿੰਘ,ਸਤਵੀਰ ਸਿੰਘ, ਜਤਿਨ ਕਟਾਰੀ, ਅਰਮਿੰਦਰ ਸਿੰਘ, ਹਰਮੀਤ ਸਿੰਘ,ਧਰੁਵ ਸੈਣੀ, ਆਦਿ ਹਾਜ਼ਰ ਸਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੈਫ਼ਰੈਂਸ ਲਾਇਬ੍ਰੇਰੀ ਸੈਕਸ਼ਨ ਵਿਚ ਹੋਈ ਧਾਰਮਿਕ ਪੋਥੀਆਂ ਅਤੇ ਕਿਤਾਬਾਂ ਦੀ ਬੇਅਦਬੀ ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਫੇਸਬੁੱਕ ਪੰਨੇ ‘ਤੇ ਬੇਬੁਨਿਆਦ ਦੱਸ ਕੇ ਪੋਸਟ ਪਾਈ ਹੈ। ਪੋਸਟ ਦੇ ਨਾਲ 2 ਫੋਟੋਆਂ ਨੱਥੀ ਹਨ ਜਿਹੜੀਆਂ ਕਿ ਵਿਭਿੰਨ ਵਿਦਵਾਨਾਂ ਦੀ Rare ਕਲੈਕਸ਼ਨ ਦੀਆਂ ਨਹੀਂ ਹਨ ਸਗੋਂ ਓਸ ਕਮਰੇ ਦੀਆਂ ਹਨ ਜਿੱਥੇ ਪੁਰਾਤਨ ਬੀੜਾਂ ਰੱਖੀਆਂ ਗਈਆਂ ਹਨ (ਇਹ ਵੀ ਦੱਸ ਦਈਏ ਕਿ ਇਹਨਾਂ ਬੀੜਾਂ ਦੀ ਹਾਲਤ ਵੀ ਕਾਫ਼ੀ ਧਿਆਨ ਮੰਗਦੀ ਹੈ ਪਰ ਯੂਨੀਵਰਸਿਟੀ ਲਾਇਬ੍ਰੇਰੀ ਪ੍ਰਸ਼ਾਸਨ ਵਲੋਂ ਅਜਿਹਾ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ)। ਯੂਨੀਵਰਸਿਟੀ ਫੇਸਬੁੱਕ ਪੰਨੇ ‘ਤੇ ਉਹਨਾਂ ਕਮਰਿਆਂ ਦੀ ਫੋਟੋ ਨਹੀਂ ਪਾਈ ਗਈ ਜਿੱਥੇ ਬੇਅਦਬੀ ਕੀਤੀ ਗਈ ਹੈ ਅਤੇ ਮਸਲੇ ਨੂੰ ਚੁੱਕਣ ਨੂੰ ਨਾਸਮਝ ਅਤੇ ਜਾਣਬੁੱਝ ਕੇ ਮਸਲਾ ਬਣਾਉਣ ਵਾਲੇ ਆਖਿਆ ਹੈ।ਮੂਲ ਮਸਲਾ ਇਹ ਹੈ ਕਿ ਇਕ ਕਾਮਰੇਡ ਪ੍ਰੋਫੈਸਰ ਨੂੰ ਜਿਸਦਾ ਧਾਰਮਿਕ ਕਿਤਾਬਾਂ ਪ੍ਰਤੀ ਰਵੱਈਆ ਨਾ ਅਦਬ ਵਾਲਾ ਹੈ, ਵੇਰੀਫਿਕੇਸ਼ਨ ਦਾ ਕੰਮ ਕਿਉਂ ਦਿੱਤਾ ਗਿਆ? ਕੀ ਪ੍ਰੋ. ਸੁਰਜੀਤ ਦੇ ਪੁਰਾਣੇ ਰਿਕਾਰਡ ਤੋਂ ਇਹ ਨਹੀਂ ਜਾਣਿਆ ਗਿਆ ਕਿ ਉਸਦੀ ਧਰਮ ਅਤੇ ਧਾਰਮਿਕ ਮਸਲਿਆਂ ਬਾਰੇ ਕੀ ਪਹੁੰਚ ਹੈ? ਇਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਇਕ ਕਾਮਰੇਡ ਪ੍ਰੋਫੈਸਰ ਨੂੰ ਇਹ ਕੰਮ ਦਿੱਤਾ ਗਿਆ ਹੈ ਤਾਂ ਜੋ ਸਿੱਖਾਂ ਦਾ ਧਾਰਮਿਕ ਸਰਮਾਇਆ ਨੁਕਸਾਨਿਆ ਜਾ ਸਕੇ। ਇਹੀ ਕਾਰਜ ਯੂਨੀਵਰਸਿਟੀ ਪਹਿਲਾਂ ਕਰ ਚੁੱਕੀ ਹੈ ਜਦੋਂ 2 ਟਰੱਕ ਭਰ ਕੇ ਕੀਮਤੀ ਧਾਰਮਿਕ ਕਿਤਾਬਾਂ ਅਤੇ ਰਸਾਲਿਆਂ ਦੇ ਕਬਾੜ ਵਿਚ ਵੇਚੇ ਗਏ ਸਨ। ਸਾਡੀ ਮੰਗ ਹੈ ਕਿ ਰੈਫ਼ਰੈਂਸ ਸੈਕਸ਼ਨ ਵਿਚ ਪਏ ਇਸ ਅਨਮੋਲ ਖਜ਼ਾਨੇ ਦੀ ਸਾਂਭ ਸੰਭਾਲ ਦਾ ਕਾਰਜ ਕਿਸੇ ਸ਼ਰਧਾਵਾਨ ਧਾਰਮਿਕ ਬਿਰਤੀ ਦੇ ਪ੍ਰੋਫੈਸਰ ਨੂੰ ਸੌਪਿਆ ਜਾਵੇ ਤਾਂ ਜੋ ਇਹਨਾਂ ਅਨਮੋਲ ਪੋਥੀਆਂ ਅਤੇ ਧਾਰਮਿਕ ਕਿਤਾਬਾਂ ਦੀ ਅਦਬ ਨਾਲ ਸਾਂਭ ਸੰਭਾਲ ਕੀਤੀ ਜਾ ਸਕੇ।
ਵਿੱਦਿਅਕ ਸੰਸਥਾਵਾਂ ਨੂੰ ਮਨੁੱਖ ਦਾ ਤੀਜਾ ਨੇਤਰ ਖੋਲ੍ਹਣ ਦਾ ਸਾਧਨ ਮੰਨਿਆ ਜਾਂਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਦੇ ਫੇਸਬੁੱਕ ਪੰਨੇ ‘ਤੇ ਪਾਈ ਇਸ ਪੋਸਟ ਦੇ ਕਮੈਂਟ ਬੰਦ ਰੱਖੇ ਗਏ ਹਨ ਤਾਂ ਜੋ ਵਿਦਿਆਰਥੀ ਵਿਰੋਧ ਨਾ ਜਤਾ ਸਕਣ। ਬੋਲਣ ਦੀ ਅਜ਼ਾਦੀ ਵਿੱਚ ਭਾਰਤ 180 ਮੁਲਕਾਂ ਵਿਚੋਂ 150 ਅੰਕ’ ਤੇ ਹੈ ਅਤੇ ਯੂਨੀਵਰਸਿਟੀ ਇਸ ਰਵਾਇਤ ਨੂੰ ਅੱਗੇ ਤੋਰ ਰਹੀ ਹੈ।
ਸੰਬੰਧਤ ਲਿੰਕ ਟਿਪਣੀ ਖਾਨੇ ਵਿਚ ਦੇਖ ਸਕਦੇ ਹੋ।
#ਮਹਿਕਮਾ_ਪੰਜਾਬੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾ. ਗੰਡਾ ਸਿੰਘ ਰੈਂਫਰੈਂਸ ਲਾਇਬ੍ਰੇਰੀ ਅਜਕਲ ਚਰਚਾ ਵਿਚ ਹੈ। ਇਸ ਲਾਇਬ੍ਰੇਰੀ ਦੇ Rare ਸੈਕਸ਼ਨ ਵਿਚ ਸਿਖ ਵਿਦਵਾਨਾਂ ਦੀਆਂ ਦੁਰਲੱਭ ਕਿਤਾਬਾਂ ਅਤੇ ਕੁਲੈਕਸ਼ਨਾਂ ਹੋਣ ਕਾਰਨ ਇਹ ਸਿਖਾਂ ਦਾ ਸਰਮਾਇਆ ਹੈ। ਜਿਸ ਵਿਚ ਸਿਖ ਇਤਿਹਾਸ ਦਾ ਵੱਡਾ ਖਜ਼ਾਨਾ ਗ੍ਰੰਥਾਂ, ਕਿਤਾਬਾਂ, ਅਖਬਾਰਾਂ, ਪੈਂਫਲਟਾਂ, ਰਸਾਲਿਆਂ, ਹਥ ਲਿਖਤ ਖਰੜੇ ਆਦਿ ਦੇ ਰੂਪ ਵਿਚ ਪਿਆ ਹੈ। ਜਿਸ ਵਿਚ ਸਿਖਾਂ ਦੇ ਨਾਮੀ ਵਿਦਵਾਨਾਂ ਪ੍ਰੋ. ਪੂਰਨ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਮੋਹਨ ਸਿੰਘ ਵੈਦ, ਡਾ. ਗੰਡਾ ਸਿੰਘ, ਪਿਆਰਾ ਸਿੰਘ ਪਦਮ, ਸ. ਕ੍ਰਿਪਾਲ ਸਿੰਘ ਆਦਿ ਦੀਆਂ ਨਿਜੀ ਲਾਇਬ੍ਰੇਰੀਆਂ ਦਾਨ ਹੋਈਆਂ ਹਨ। ਇਸ ਲਾਇਬ੍ਰੇਰੀ ਦੇ ਹਾਲਾਤ ਬਦ ਤੋਂ ਬਦਤਰ ਹਨ। ਕਿਸੇ ਤਰ੍ਹਾਂ ਦੀ ਕੋਈ ਸੰਭਾਲ ਨਹੀਂ ਹੈ ਕਿਤਾਬਾਂ ਚੋਰੀ ਹੋ ਰਹੀਆਂ ਹਨ, ਧਾਰਮਿਕ ਕਿਤਾਬਾਂ ਦੀ ਬੇਅਦਬੀ ਹੋ ਰਹੀ ਹੈ। ਮੀਂਹਾਂ ਦੇ ਰੁਤ ਵਿਚ ਛੱਤਾਂ ਚੋਣ ਲਗ ਪੈਂਦੀਆਂ ਹਨ। ਸਿਖਾਂ ਦੇ ਇਸ ਸਰਮਾਏ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਲਾਇਬਰੇਰੀ ਦੇ ਇਸ ਖਜਾਨੇ ਨੂੰ ਰੱਦੀ ਦੇ ਰੂਪ ਵਿਚ ਵੇਚਣ ਦਾ ਮਸਲਾ ਵੀ ਸਾਹਮਣੇ ਆ ਚੁਕਿਆ ਹੈ। ਇਹ ਸਰਮਾਇਆ ਜਿਥੇ ਸਿਖ ਤਵਾਰੀਖ ਨਾਲ ਸੰਬੰਧ ਰਖਦਾ ਉਥੇ ਹੀ ਇਹਨਾਂ ਕਿਤਾਬਾ, ਖਰੜਿਆਂ ਨਾਲ ਸਿਖ ਜਜਬਾਤੀ ਤੌਰ ‘ਤੇ ਵੀ ਜੁੜੇ ਹੋਏ ਹਨ ਕਿਉਕਿ ਇਹਨਾਂ ਨੂੰ ਸਾਡੇ ਵਡੇਰਿਆਂ ਦੀ ਛੋਹ ਪ੍ਰਾਪਤ ਹੈ।ਪਿਛਲੇ ਦਿਨੀਂ ਡਾ. ਗੰਡਾ ਸਿੰਘ ਰੈਂਫਰੈਂਸ ਲਾਇਬਰੇਰੀ ਦੇ Rare section ਵਿਚ ਧਾਰਮਿਕ ਕਿਤਾਬਾਂ ਦੀ ਹੋਈ ਬੇਅਦਬੀ ਲਈ ਦੋਸ਼ੀ stock verification commitee ਜ਼ਿੰਮੇਵਾਰ ਹੈ ਜਿਸ ਦਾ ਮੁਖੀ ਕਾਮਰੇਡ ਪ੍ਰੋ ਸੁਰਜੀਤ (ਪੰਜਾਬੀ ਵਿਭਾਗ) ਹੈ। ਪਤਾ ਲੱਗਾ ਹੈ ਕਿ ਉਸ ਵਲੋਂ ਹੀ ਇਹ ਡਾਕੂਮੈਂਟੇਸ਼ਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਆਪਣੇ ਵਿਦਿਆਰਥੀ ਇਸਦਾ ਹਿੱਸਾ ਹਨ। ਪ੍ਰੋ. ਸੁਰਜੀਤ ਦੀ ਸਿਖ ਮਸਲਿਆਂ ਪ੍ਰਤੀ ਸਮਝ ਤੋਂ ਯੂਨੀਵਰਸਿਟੀ ਨਾਲ ਜੁੜਿਆ ਹਰ ਸ਼ਖ਼ਸ ਜਾਣੂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਉਹਨਾਂ ਦੀ ਹੈਡਸ਼ਿਪ ਦੌਰਾਨ ਉਸ ਨੇ ਬਲਦੇਵ ਸੜਕਨਾਮਾ ਨੂੰ ਵਿਭਾਗ ਵਿਚ ਸੱਦਿਆ ਜਿਥੇ ਪ੍ਰੋ ਸੁਰਜੀਤ ਦੀ ਮੌਜੂਦਗੀ ਵਿਚ ਸੜਕਨਾਮਾ ਵੱਲੋਂ ਗੁਰੂ ਨਾਨਕ ਸਾਹਿਬ ਪ੍ਰਤੀ ਅਤੇ ਜਨਮਸਾਖੀ ਪ੍ਰਤੀ ਹਲਕੀ ਸ਼ਬਦਾਵਲੀ ਵਰਤੀ ਗਈ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਬਾਰੇ ਅਕਸਰ ਹੀ ਮੰਦੀ ਸ਼ਬਦਾਵਲੀ ਬੋਲਣ ਵਾਲੇ ਵਿਵਦਾਤ ਕਾਮਰੇਡ ‘ਕਵੀ’ ਸੁਰਜੀਤ ਗੱਗ ਨੂੰ ਪ੍ਰੋ ਸੁਰਜੀਤ ਵਲੋਂ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਬੜਾ ਉਚੇਚ ਕਰ ਕੇ ਥਾਂ ਦਿੱਤੀ ਜਾਂਦੀ ਰਹੀ ਹੈ। ਜਦੋਂ ਕਿ ਗੁਰਮਤਿ ਨਾਲ ਸਬੰਧਤ ਕੋਈ ਵੀ ਸਮਾਗਮ ਜਾਂ ਸੈਮੀਨਾਰ ਵਿਭਾਗ ਦੇ ਸੈਮੀਨਾਰ ਹਾਲ ਵਿਚ ਨਹੀਂ ਕਰਵਾਇਆ ਜਾਂਦਾ ਹਾਲਾਂਕਿ ਗੁਰਮਤਿ ਕਾਵਿ ਦਾ ਵਿਸ਼ਾ ਐਮ.ਏ ਦੀਆਂ ਕਲਾਸਾਂ ਦੇ ਸਲੇਬਸ ਦਾ ਹਿੱਸਾ ਹੈ। ਸਿੱਖ ਇਤਿਹਾਸ ਬਾਰੇ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਵਿਚ ਰਹਿਣ ਵਾਲੇ ਹਰ ਵਿਅਕਤੀ ਨੂੰ ਪੰਜਾਬੀ ਵਿਭਾਗ ਥਾਂ ਜ਼ਰੂਰ ਦਿੰਦਾ ਹੈ ਪਰ ਸਿੱਖੀ ਦੇ ਪ੍ਰੋੜ ਵਿਦਵਾਨਾਂ ਨੂੰ ਕਦੇ ਵਿਭਾਗ ਵਿੱਚ ਨਹੀਂ ਬੁਲਾਇਆ ਜਾਂਦਾ।ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਸਮਾਗਮਾਂ ਲਈ ਪ੍ਰੋ ਸੁਰਜੀਤ ਨੂੰ ਕਈ ਨੋਡਲ ਅਫ਼ਸਰ ਬਣਾਇਆ ਗਿਆ ਸੀ ਪਰ ਇਸਦਾ ਸਿਖ ਵਿਦਿਆਰਥੀਆਂ ਦੇ ਵਿਰੋਧ ਕਰਨ ‘ਤੇ ਇਹਨਾਂ ਨੂੰ ਪ੍ਰੋਗਰਾਮਾਂ ਤੋਂ ਲਾਂਭੇ ਕੀਤਾ ਗਿਆ ਸੀ। ਵਾਇਸ ਚਾਂਸਲਰ ਨੂੰ ਚਾਹੀਦਾ ਸੀ ਇਸ ਕਮੇਟੀ ਦਾ ਮੁਖੀ ਕਿਸੇ ਸਿਖ ਪ੍ਰੋਫੈਸਰ ਨੂੰ ਬਣਾਇਆ ਜਾਂਦਾ ਤਾਂ ਕਿ ਧਾਰਮਿਕ ਕਿਤਾਬਾਂ, ਗ੍ਰੰਥਾਂ ਦਾ ਅਦਬ ਰਖਿਆ ਜਾ ਸਕਦਾ। ਕਿਸੇ ਸਮੇਂ ਯੂਨੀਵਰਸਿਟੀ ਵਿਚ ਡਾ. ਗੰਡਾ ਸਿੰਘ ਹੁਰਾਂ ਦੀ ਮੌਜੂਦਗੀ ਕਾਰਨ ਸਿਖ ਇਤਿਹਾਸ ਦਾ ਏਨਾ ਵੱਡਾ ਖਜਾਨਾ ਇਕ ਜਗ੍ਹਾ ਇਕੱਠਾ ਹੋਇਆ ਸੀ। ਅਜੋਕੇ ਸਮੇਂ ਹਲਾਤ ਬਦਲੇ ਹੋਏ ਹਨ, ਯੂਨੀਵਰਸਿਟੀ ਪ੍ਰਬੰਧਨ ‘ਤੇ ਕਾਮਰੇਡ ਬਿਰਤੀ ਦਾ ਕਬਜਾ ਹੈ ਜਿਸ ਤੋਂ ਧਾਰਮਿਕ ਸਾਹਿਤ ਦੇ ਅਦਬ ਰਖਣ ਦੀ ਆਸ ਨਹੀਂ ਕੀਤੀ ਜਾ ਸਕਦੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਾਰੀ ਲਾਇਬਰੇਰੀ ਨੂੰ ਸਕੈਨ ਅਤੇ ਸੁਰਖਿਅਤ ਕਰਨ ਦੀ ਜਿੰਮੇਵਾਰੀ ਆਪਣੇ ਹਥ ਵਿਚ ਲੈ ਲੈਣੀ ਚਾਹੀਦੀ। ਕਿਤਾਬਾਂ, ਅਖਬਾਰਾਂ ਦੀ ਸਾਂਭ ਸੰਭਾਲ ਮਾਹਿਰਾਂ ਦੀ ਦੇਖ ਰੇਖ ਕੀਤੀ ਜਾਵੇ। ਜਿਸ ਤਰ੍ਹਾਂ ਸਿਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿਚ ਹੁੰਦੀ ਹੈ।ਸਾਰੇ rare section ਦਾ ਕੈਟਾਲੌਕ ਤਿਆਰ ਕੀਤਾ ਜਾਵੇ। ਸਿਖ ਵਿਦਵਾਨਾਂ ਦੀਆਂ ਜਿਸ ਵੇਲੇ ਕਿਤਾਬਾਂ ਦਾਨ ਹੋਈਆਂ ਸਨ ਉਸ ਸਮੇਂ ਬਣੇ ਰਿਕਾਰਡ ਨਾਲ ਮੌਜੂਦਾ ਕਿਤਾਬਾਂ ਨਾਲ ਮਿਲਾਨ ਹੋਵੇ। ਕੈਟਾਲਾਗ ਦੇ ਅਨੁਸਾਰ ਗੁੰਮ ਕਿਤਾਬਾਂ ਦੀ ਭਾਲ ਕੀਤੀ ਜਾਵੇ ਅਤੇ ਉਹਨਾਂ ਨੂੰ ਪੁਨਰ ਸਥਾਪਿਤ ਕੀਤਾ ਜਾਵੇ। ਰੇਅਰ ਕੁਲੈਕਸ਼ਨ ਵਿੱਚ ਜੋ ਹੱਥਾਂ ਲਿਖਤਾਂ ਅਤੇ ਖਰੜੇ ਮੌਜੂਦ ਹਨ ਉਹਨਾਂ ਦੀ ਵੀ ਸੁਰਖਿਆ ਯਕੀਨੀ ਬਣਾਈ ਜਾਵੇ।