ਚਰਚ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਪੱਟੀ ਥਾਣੇ ‘ਚ ਕੇਸ ਦਰਜ, CM ਮਾਨ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਿੱਤੇ ਹੁਕਮ

ਬੀਤੀ ਰਾਤ ਪੱਟੀ ਨੇੜੇ ਠਕਰਪੁਰਾ ਵਿਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਭੰਨਤੋੜ ਕਰਨ ਅਤੇ ਉਥੇ ਖੜੀ ਇਕ ਕਾਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੱਟੀ ਸਿਟੀ ਪੁਲਿਸ ਸਟੇਸ਼ਨ ਵਿਚ ਐਫ ਆਈ ਆਰ ਦਰਜ ਕਰ ਲਈ ਗਈ ਹੈ। ਅੱਜ ਸਵੇਰੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਤੇ ਜਿਲ੍ਹਾ ਪੁਲਿਸ ਮੁਖੀ ਸ. ਰਣਜੀਤ ਸਿੰਘ ਢਿਲੋਂ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਇਸਾਈ ਭਾਈਚਾਰੇ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ ਪੌਣੇ ਇਕ ਵਜੇ ਚਾਰ ਸ਼ਰਾਰਤੀ ਕੰਧ ਟੱਪ ਕੇ ਚਰਚ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉਨਾਂ ਨੇ ਸੁਰੱਖਿਆ ਕਰਮੀ ਨੂੰ ਇਕ ਕਮਰੇ ਵਿਚ ਕੈਦ ਕਰਨ ਮਗਰੋਂ ਚਰਚ ਵਿਚ ਲੱਗੇ ਕਰਾਈਸਟ ਯੀਸਸ ਦੇ ਬੁੱਤ ਦੀ ਭੰਨ ਤੋੜ ਕੀਤੀ ਅਤੇ ਉਥੇ ਖੜੀ ਇਕ ਕਾਰ ਨੂੰ ਅੱਗ ਲਗਾ ਦਿੱਤੀ। ਉਨਾਂ ਦੱਸਿਆ ਕਿ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇੰਨਾਂ ਵਿਅਕਤੀਆਂ ਦੀ ਗਿਣਤੀ ਚਾਰ ਸੀ ਅਤੇ ਇਹ ਕੱਚੇ ਰਸਤਿਆਂ ਤੋਂ ਚਰਚ ਵਿਚ ਆਏ।

ਉਨਾਂ ਦੱਸਿਆ ਕਿ ਉਕਤ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਸੀ ਅਤੇ ਇਸ ਤੋਂ ਇਲਾਵਾ ਵੀ ਪੁਲਿਸ ਨੂੰ ਪੁਖ਼ਤਾ ਸਬੂਤ ਮਿਲ ਗਏ ਹਨ ਅਤੇ ਛੇਤੀ ਹੀ ਦੋਸ਼ੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ। ਉਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਪੁਲਿਸ ਉਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਉਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਕੇਵਲ ਪੰਜਾਬ ਦੇ ਸਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਪਰ ਪੁਲਿਸ ਸ਼ਰਾਰਤੀ ਲੋਕਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਛੇਤੀ ਹੀ ਸਾਰੇ ਦੋਸ਼ੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ। ਇਸਾਈ ਭਾਈਚਾਰੇ ਨੇ ਜਿਲ੍ਹਾ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਤੇ ਜਾਂਚ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਬਹੁਤ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਮੁਖੀ ਨਾਲ ਕੀਤੀ ਗੱਲਬਾਤ ਵਿਚ ਉਨਾਂ ਨੇ ਇਸ ਨਾ-ਮੁਆਫੀਯੋਗ ਘਟਨਾ ਦੀ ਤੈਅ ਤੱਕ ਜਾਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ, ਪਰ ਅਸੀਂ ਇਹ ਘਟੀਆ ਮਨਸੂਬੇ ਕਾਮਯਾਬ ਨਹੀਂ ਹੋਣ ਦਿਆਂਗੇ। ਉਨਾਂ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਸਾਜਿਸ਼ਾਂ ਨੂੰ ਨਾਕਾਮ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗੀ, ਤਾਂ ਜੋ ਭਵਿੱਖ ਵਿਚ ਬਾਕੀਆਂ ਨੂੰ ਸਬਕ ਮਿਲ ਸਕੇ। ਉਨਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਅਮਨ-ਸਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਇਹ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਕੱਲ੍ਹ ਹੀ ਇਸ ਬਾਰੇ ਲਿਖ ਕੇ ਖ਼ਦਸ਼ਾ ਪ੍ਰਗਟਾਇਆ ਸੀ ਤੇ ਕੁਝ ਘੰਟੇ ਬਾਅਦ ਹੀ ਤਰਨਤਾਰਨ ਲਾਗੇ ਇੱਕ ਚਰਚ ‘ਤੇ ਹਮਲੇ ਦੀ ਖ਼ਬਰ ਆ ਗਈ। ਇਹ ਉਹੀ ਨੇ ਜਿਹੜੇ ਅੱਸੀਵਿਆਂ ‘ਚ ਮੰਦਰਾਂ ਅੰਦਰ ਗਾਵਾਂ ਦੀਆਂ ਵੱਢੀਆਂ ਪੂਸ਼ਾਂ ਸੁੱਟ ਜਾਂਦੇ ਸਨ। ਟਕਰਾਅ ਦੇ ਹਾਲਾਤ ਸਿਰਜੇ ਜਾ ਰਹੇ ਹਨ। ਪਖੰਡਵਾਦ ਅਤੇ ਅੰਧਵਿਸ਼ਵਾਸ ਨਾਲ ਗੁਮਰਾਹ ਕਰਨ ਵਾਲੇ ਈਸਾਈਅਤ ਵਿਰੋਧੀ ਅਖੌਤੀ ਪਾਸਟਰਾਂ ਬਾਰੇ ਚੁੱਪ ਰਹਿਣ ਵਾਲੇ ਅਖੌਤੀ ਅਗਾਂਹਵਧੂ/ਤਰਕਸ਼ੀਲ/ਬੁੱਧੀਜੀਵੀ ਹੁਣ ਸਿੱਖਾਂ ਨੂੰ ਮੱਤਾਂ ਦੇ ਕੇ ਇਹ ਸਿੱਧ ਕਰਨਗੇ ਕਿ ਇਹ ਕੰਮ ਸਿੱਖਾਂ ਦਾ ਹੈ। ਇਸ ਤਰੀਕੇ ਉਹ ਬੜੀ ਚਲਾਕੀ ਨਾਲ ਇਹ ਭੰਨ-ਤੋੜ ਸਿੱਖਾਂ ਸਿਰ ਪਾ ਰਹੇ ਹੋਣਗੇ। ਸਿੱਖ ਤੇ ਈਸਾਈ ਜਥੇਬੰਦੀਆਂ ਦੀ ਗੱਲਬਾਤ ਚੱਲ ਰਹੀ ਹੈ, ਕੁਝ ਦਿਨਾਂ ਤੱਕ ਇਸ ਹਨੇਰ ਦੇ ਸਾਂਝੇ ਮੁਕਾਬਲੇ ਬਾਰੇ ਕੁਝ ਉਸਾਰੂ ਦੇਖਣ ਨੂੰ ਮਿਲ ਸਕਦਾ। ਇਸ ਸਾਜ਼ਿਸ਼ ਨੂੰ ਸਮਝਦਿਆਂ ਸੂਝ-ਬੂਝ ਨਾਲ ਪ੍ਰਤੀਕਰਮ ਦੇਣ ਦੀ ਲੋੜ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ਵਿਚਲੇ ਕੁਝ ਇਸਾਈ ਦੋਸਤ ਵੀ ਮੰਨਦੇ ਹਨ ਕਿ ਇਹ ਜੋ ਅਡੰਬਰ-ਪਖੰਡ ਈਸਾਈਅਤ ਦੇ ਨਾਮ ‘ਤੇ ਪੰਜਾਬ ਵਿੱਚ ਕੀਤੇ ਜਾ ਰਹੇ ਹਨ, ਇਹ ਈਸਾਈਅਤ ਨਹੀਂ ਹੈ, ਮਕਸਦ ਕੁਝ ਹੋਰ ਹੈ। ਇਹ ਟਕਰਾਅ ਜਾਣ-ਬੁੱਝ ਕੇ ਸਿਰਜਿਆ ਜਾ ਰਿਹਾ ਹੈ, ਜਿਸਦੇ ਸੂਤਰਧਾਰ ਪਿੱਛੇ ਬਹਿ ਕੇ ਅੱਗ ‘ਤੇ ਘਿਓ ਵੀ ਪਾ ਰਹੇ ਹਨ ਤੇ ਵਿਓਂਤਾਂ ਵੀ ਘੜ ਰਹੇ ਹਨ।ਸ਼ਾਤਰਤਾ ਦੀ ਹੱਦ ਦੇਖੋ ਕਿ ਈਸਾਈਆਂ ਦੇ ਭਾਰਤ ‘ਚ ਸਭ ਤੋਂ ਵੱਡੇ ਵਿਰੋਧੀ ਹਿੰਦੂਤਵੀ ਸੰਘੀ, ਜੋ ਈਸਾਈਆਂ ਨਾਲ ਨਫਰਤ ਵਿੱਚ ਇਸਾਈ ਮਿਸ਼ਨਰੀ ਨੂੰ ਬੱਚਿਆਂ ਸਮੇਤ ਜਿਓਂਦੇ ਸਾੜ ਚੁੱਕੇ ਹਨ, ਇਸ ਮਾਮਲੇ ‘ਚ ਹੁਣ ਬੜੀ ਚਲਾਕੀ ਨਾਲ ਚੁੱਪ ਹਨ। ਜ਼ਾਹਰ ਹੈ ਕਿ ਉਹ ਆਪਣਾ ਏਜੰਡਾ ਹੁਣ ਹੋਰਾਂ ਦੇ ਮੋਢਿਆਂ ‘ਤੇ ਰੱਖ ਕੇ ਚਲਾ ਰਹੇ ਹਨ ਤੇ ਆਪ ਚੁੱਪ ਰਹਿ ਕੇ ਤਮਾਸ਼ਾ ਦੇਖ ਰਹੇ ਹਨ। ਉਨ੍ਹਾਂ ਦੀ ਨੀਤੀ ਸਾਫ ਹੈ ਕਿ ਪਹਿਲਾਂ ਈਸਾਈ ਬਣਨ ਦਿਓ, ਫਿਰ ਈਸਾਈਆਂ ਤੋਂ ਹਿੰਦੂ ਬਣਾਉਣੇ ਕੋਈ ਔਖੇ ਨਹੀਂ।
ਪੰਜਾਬ ‘ਚ ਸਿੱਖਾਂ ਨੂੰ ਕਿਸੇ ਨਾ ਕਿਸੇ ਰੂਪ ‘ਚ ਟਕਰਾਅ ਵੱਲ ਧੱਕੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਕਦੇ ਕਿਸੇ ਵਰਗ ਨਾਲ ਤੇ ਕਦੇ ਕਿਸੇ ਸੋਚ ਨਾਲ। ਆਪਣੀ ਸੂਝ-ਬੂਝ ਸਦਕਾ ਉਹ ਵਾਰ-ਵਾਰ ਬਚ ਰਹੇ ਹਨ।ਟਕਰਾਅ ਤੋਂ ਬਚਾਅ ਰਹੇ ਇਸਦੀ ਗੰਭੀਰਤਾ ਨਾਲ ਕੋਸ਼ਿਸ਼ ਹੋਣੀ ਚਾਹੀਦੀ ਹੈ ਪਰ ਕਈ ਵਾਰ ਟਕਰਾਅ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ, ਹਾਲਾਤ ਹੀ ਅਜਿਹੇ ਬਣ ਜਾਂਦੇ। ਅਜਿਹੇ ਮੌਕੇ ਆਮ ਨਾਲੋਂ ਵੱਧ ਸੂਝ-ਬੂਝ ਵਰਤਣ ਦੀ ਲੋੜ ਹੁੰਦੀ ਹੈ। ਮੌਕਾ ਹੈ ਕਿ ਪੰਜਾਬ ਪੱਖੀ ਚਿੰਤਕ ਇਸ ਸੰਭਾਵੀ ਟਕਰਾਅ ਬਾਰੇ ਮੌਕੇ ਸਿਰ ਬੋਲ ਕੇ ਸੇਧ ਦੇਣ। ਧਾਰਮਿਕ ਲੀਡਰਸ਼ਿਪ ਖੁਦ ਅੱਗ ਲੱਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕੇ ਪੱਟੀ ਦੀ ਚਰਚ ‘ਚ ਭੰਨਤੋੜ ਕਿਸਨੇ ਕੀਤੀ? ਕਿਉਂ ਕੀਤੀ? ਮਕਸਦ ਕੀ ਸੀ?ਪਰ ਸਿੱਖਾਂ ਨੂੰ ਮੱਤਾਂ ਦੇਣ ਦਾ ਕੰਮ ਪਹਿਲ਼ਾਂ ਹੀ ਸ਼ੁਰੂ ਹੋ ਗਿਆ। ਜਿਹੜੇ ਮੱਤਾਂ ਦੇ ਰਹੇ ਨੇ। ਨੱਬੇ ਫੀਸਦੀ ਉਹ ਨੇ ਜਿਨ੍ਹਾ ਇਸਾਈ ਮਿਸ਼ਨਰੀਆਂ ਵਲੋਂ ਭੂਤ ਕੱਢਣ ਤੋਂ ਲੈ ਕੇ ਏਡਸ ਦਾ ਇਲਾਜ ਕਰਨ ਦੇ ਦਾਹਵਿਆ ਬਾਰੇ ਇਕ ਅੱਖਰ ਨਹੀਂ ਲਿਖਿਆ। ਸਿਰਫ ਪੰਜਾਬ ਹੀ ਨਹੀਂ, ਸਾਰੇ ਸੰਸਾਰ ਵਿੱਚ ਪਾਦਰੀਆਂ ਇਕੋ ਤਰੀਕੇ ਨਾਲ ਭੂਤ ਕੱਢਦੇ ਅਤੇ ਲੰਘੜਿਆਂ ਨੂੰ ਭਜਾਉਂਦੇ ਮਿਲ ਜਾਣਗੇ। ਇਨ੍ਹਾਂ ਦੀ ਬਕਾਇਦਾ ਟਰੇਨਿੰਗ ਹੁੰਦੀ ਆ। ਇਕ ਸੰਭਾਵਨਾ ਤਾਂ ਇਹ ਵੀ ਹੋ ਸਕਦੀ ਕਿ ਅਕਾਲ ਤਖਤ ਜਥੇਦਾਰ ਵਲੋਂ ਪੰਜ ਸਤੰਬਰ ਨੂੰ ਸੱਦੇ ਇਕੱਠ ਨੂੰ ਨਜ਼ਰ ‘ਚ ਰੱਖਦੇ ਹੋਏ ਪਾਦਰੀਆਂ ਨੇ ਆਪ ਹੀ ਡਰਾਮਾ ਰਚਿਆ ਹੋਵੇ। ਪਾਦਰੀ ਸਾਰੀ ਦੁਨੀਆਂ ‘ਚ ਬਦਨਾਮ ਨੇ। ਬੱਚੇਬਾਜੀ ‘ਚ ਖਾਸ ਕਰਕੇ। ਇਸ ਕਰਕੇ ਕੁੱਝ ਵੀ ਹੋ ਸਕਦਾ। ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ।
ਇੰਤਜ਼ਾਰ ਕਰੋ ਕਿ ਕੀ ਨਿਕਲ ਕੇ ਆਉਂਦਾ?
ਪਹਿਲਾਂ ਨਾ ਐਵੇਂ ਮੱਤਾਂ ਦੇਈ ਜਾਉ ਸਿੱਖਾਂ ਨੂੰ।
#ਮਹਿਕਮਾ_ਪੰਜਾਬੀ