ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਦਰਦਨਾਕ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਨਿਰਵੈਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਗਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬਹੁਤ ਹੀ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਨਿਰਵੈਰ ਨੇ ਆਪਣੀ ਗਾਇਕੀ ਦਾ ਆਗਾਜ਼ ‘ਤੇਰੇ ਬਿਨਾਂ ਲੱਗਦਾ ਨਾ ਦਿਲ’ ਗੀਤ ਨਾਲ ਕੀਤਾ ਸੀ ਜੋ ਕਿ ਬੇਹੱਦ ਮਕਬੂਲ ਹੋਇਆ ਸੀ। ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਚਰਚਿਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ। ਨਿਰਵੈਰ ਦੇ ਅਚਾਨਕ ਇਸ ਜਹਾਨੋਂ ਜਾਣ ਕਾਰਨ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਨਿਰਵੈਰ ਦੇ ਇਸ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਵੱਡੀ ਗਿਣਤੀ ਵਿੱਚ ਦੋਸਤਾਂ, ਪ੍ਰਸ਼ੰਸਕਾਂ ਅਤੇ ਸੰਗੀਤਕ ਹਸਤੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਨਿਰਵੈਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।