ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦਾ ਭੇਤ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਗੋਆ ਪੁਲਸ ਸੋਨਾਲੀ ਦੀ ਮੌਤ ਦੀ ਜਾਂਚ ਵਿਚ ਲੱਗੀ ਹੋਈ ਹੈ। ਉਨ੍ਹਾਂ ਦਾ ਪਰਿਵਾਰ ਸੋਨਾਲੀ ਦੀ ਮੌਤ ਦੀ ਜਾਂਚ ਨੂੰ ਲੈ ਕੇ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਸੋਨਾਲੀ ਦੀ ‘ਬਿੱਗ ਬੌਸ’ ਪਾਰਟਨਰ ਰਾਖੀ ਸਾਵੰਤ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਸੋਨਾਲੀ ਅਤੇ ਉਸ ਦੇ ਪੀਏ ਸੁਧੀਰ ਬਾਰੇ ਗੱਲ ਕੀਤੀ ਹੈ। ਰਾਖੀ ਸਾਵੰਤ ਨੇ ਕਿਹਾ ਹੈ ਕਿ ਸੋਨਾਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੀਏ ਸੁਧੀਰ ਨੂੰ ਪਸੰਦ ਕਰਦੀ ਸੀ। ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਸੋਨਾਲੀ ਦਾ ਪੀਏ ਕ੍ਰਿਮੀਨਲ ਟਾਈਪ ਲੱਗਦਾ ਹੈ। ਰਾਖੀ ਸਾਵੰਤ ਨੇ ਦੱਸਿਆ ਕਿ ਜਦੋਂ ਉਹ ‘ਬਿੱਗ ਬੌਸ’ ਦੇ ਘਰ ‘ਚ ਸੀ ਤਾਂ ਸੋਨਾਲੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪੀਏ ਸੁਧੀਰ ਨੂੰ ਪਿਆਰ ਕਰਦੀ ਹੈ ਅਤੇ ਰਾਖੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਚੁੱਕੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਅੱਗੇ ਕਿਹਾ, ”ਜਦੋਂ ਮੈਨੂੰ ਪਤਾ ਲੱਗਾ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਹੱਤਿਆ ਦਾ ਅਹਿਸਾਸ ਹੋਇਆ। ਸੋਨਾਲੀ ਦਾ ਕਤਲ ਹੋ ਗਿਆ ਹੈ। ਮੈਂ ‘ਬਿੱਗ ਬੌਸ’ ਵਿਚ ਕਾਫ਼ੀ ਸਮਾਂ ਬਿਤਾਇਆ ਹੈ। ਸੋਨਾਲੀ ਦੀ ਆਪਣੀ ਬੇਟੀ ਵਿਚ ਜਾਨ ਵੱਸਦੀ ਸੀ। ਇਸ ਦੇ ਨਾਲ ‘ਬਿੱਗ ਬੌਸ’ ਦੇ ਪ੍ਰਤੀਭਾਗੀਆਂ ਨੂੰ ਸੋਨਾਲੀ ਇਹ ਵੀ ਦੱਸਦੀ ਸੀ ਕਿ ਉਹ ਸੁਧੀਰ ਨੂੰ ਕਾਫ਼ੀ ਪਸੰਦ ਕਰਦੀ ਹੈ। ਹੁਣ ਸੋਨਾਲੀ ਇਸ ਦੁਨੀਆ ਵਿਚ ਨਹੀਂ ਹੈ ਤਾਂ ਮੈਂ ਇਸ ਮਾਮਲੇ ‘ਤੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ। ਇਹ ਬਹੁਤ ਗਲਤ ਹੈ, ਸੋਨਾਲੀ ਨੂੰ ਹਾਰਟ ਅਟੈਕ ਨਹੀਂ ਆਇਆ। ਹੁਣ ਮਸਲਾ ਕੀ ਹੈ, ਸੀ. ਬੀ. ਆਈ. ਅਤੇ ਪੁਲਸ ਨੂੰ ਦੇਖਣ ਦਿਓ।”

ਰਾਖੀ ਨੇ ਅੱਗੇ ਕਿਹਾ, ”ਮੈਂ ਵੀਡੀਓ ਦੇਖੀ ਸੋਨਾਲੀ ਦੇ ਕੱਪੜੇ ਉੱਤਰੇ ਹੋਏ ਸੀ। ਮੈਂ ਇਹ ਸਭ ਦੇਖ ਕੇ ਹੈਰਾਨ ਸੀ ਪਰ ਮੈਂ ਦੁਬਈ ਵਿਚ ਸੀ। ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਸੀ, ਮੈਂ ਸੋਨਾਲੀ ਦੀ ਮੌਤ ਨਾਲ ਸਦਮੇ ਵਿਚ ਹਾਂ। ਮੈਂ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜੋ ਉਨ੍ਹਾਂ ਦੇ ਕਾਤਲ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਹ ਆਪਣੇ ਪਿੱਛੇ ਆਪਣੀ ਮਾਸੂਮ ਧੀ ਨੂੰ ਛੱਡ ਗਈ ਹੈ। ਉਸ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਮੈਨੂੰ ਪਹਿਲੇ ਦਿਨ ਤੋਂ ਉਸ ‘ਤੇ ਸ਼ੱਕ ਸੀ, ਮੈਂ ਉਸ ਨੂੰ ਪਹਿਲਾਂ ਵੀ 10 ਵਾਰ ਮਿਲ ਚੁੱਕੀ ਹਾਂ। ਮੈਂ ਸੋਨਾਲੀ ਜੀ ਨੂੰ ਪੁੱਛਦੀ ਸੀ ਕਿ ਇਹ ਕੌਣ ਹੈ, ਉਹ ਕਹਿੰਦੀ ਸੀ ਕਿ ਉਹ ਮੇਰਾ ਪੀਏ ਹੈ ਅਤੇ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਪਰ ਮੈਨੂੰ ਉਹ ਦੇਖਣ ਵਿਚ ਕ੍ਰਿਮੀਨਲ ਟਾਈਪ ਲੱਗਦਾ ਸੀ। ਦੇਖੋ ਉਹ ਸੱਚ ਨਿਕਲਿਆ। ਮੈਨੂੰ ਬਹੁਤ ਬੁਰਾ ਲੱਗਦਾ ਹੈ। ਮੈਂ ਚਾਹੁੰਦੀ ਹਾਂ ਕਿ ਉਸ ਔਰਤ ਅਤੇ ਉਸ ਦੀ ਧੀ ਨੂੰ ਇਨਸਾਫ ਮਿਲੇ।”