ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦੇ ਪਿੰਡ ਦੁੱਬਲੀ ਵਿਚ ਚਾਚੇ ਵਲੋਂ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਿਕ ਢਾਈ ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਭਦਿਆਲ ਸਿੰਘ ਉਰਫ਼ ਕਰਨ ਨੂੰ ਬੀਤੀ ਰਾਤ ਉਸ ਦੇ ਚਾਚੇ ਬਲਜੀਤ ਸਿੰਘ ਵਲੋਂ ਪਹਿਲਾਂ ਫ਼ੋਨ ‘ਤੇ ਘਰ ਆਉਣ ਲਈ ਕਿਹਾ। ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸ ਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਕੁਝ ਰਿਸ਼ਤੇਦਾਰ ਆਏ ਨੇ ਤੂੰ ਸਾਡੇ ਘਰ ਚੱਲ।

ਪਰ ਜਦ ਉਹ ਚਾਚਾ-ਭਤੀਜਾ ਘਰ ਪੁੱਜੇ ਤਾਂ ਘਰ ਵਿਚ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ। ਬਾਅਦ ਵਿਚ ਪ੍ਰਭਦਿਆਲ ਸਿੰਘ ਦੀ ਮਾਂ ਵੀ ਉਸ ਨੂੰ ਲੈਣ ਗਈ ਪਰ ਉਸ ਦੇ ਚਾਚੇ ਨੇ ਕਿਹਾ ਕਿ ਮੈਂ ਛੱਡ ਆਉਂਦਾ ਹਾਂ ਅਤੇ ਜਦ ਪ੍ਰਭਦਿਆਲ ਸਿੰਘ ਘਰ ਵਾਪਸ ਜਾਣ ਲੱਗਾ ਤਾਂ ਉਸਦੇ ਚਾਚੇ ਨੇ 315 ਰਾਈਫ਼ਲ ਦੇ ਨਾਲ ਚਾਰ ਫਾਇਰ ਉਸ ਨੂੰ ਮਾਰੇ, ਜਿਸ ਦੀ ਆਵਾਜ਼ ਸੁਣ ਕੇ ਪ੍ਰਭਦਿਆਲ ਸਿੰਘ ਪਰਿਵਾਰਕ ਮੈਂਬਰ ਮੌਕੇ ‘ਤੇ ਪੁੱਜੇ ਅਤੇ ਜ਼ਖ਼ਮੀ ਪ੍ਰਭਦਿਆਲ ਸਿੰਘ ਨੂੰ ਪੱਟੀ ਦੇ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਪ੍ਰਭਦਿਆਲ ਸਿੰਘ ਦਾ ਵਿਆਹ ਅਜੇ ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ। ਪਰਿਵਾਰ ਵਲੋਂ ਉਕਤ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਉਕਤ ਮੁਲਜ਼ਮ ਦੀ ਭਾਲ ਕਰ ਰਹੀ ਅਤੇ ਉਸ ਦੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਹੈ। ਇਸ ਸੰਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।