ਗੈਂਗਸਟਰ ਮਨਦੀਪ ਤੂਫ਼ਾਨ ਦੇ ਪਿਤਾ ਦਾ ਵੱਡਾ ਬਿਆਨ – ਮੇਰੇ ਪੁੱਤ ਦਾ ਐਨਕਾਉਂਟਰ ਨਾ ਕਰਿਓ ਉਸਦੇ ਬੱਚੇ ਛੋਟੇ-ਛੋਟੇ ਨੇ….! #MandeepSingh #Father #PunjabPolice
ਅੰਮ੍ਰਿਤਸਰ : ਸਿੱਧੂ ਮੂਸੇਵਾਲ਼ਾ ਕਤਲ ਕੇਸ ਦੇ ਮਾਮਲੇ ’ਚ ਅੱਜ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਨੇ ਗੈਂਗਸਟਰ ਮਨਦੀਪ ਤੂਫ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿਤਾ ਹਰਭਜਨ ਸਿੰਘ ਸਾਹਮਣੇ ਆਏ ਹਨ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੇ ਐਨਕਾਊਂਟਰ ਦਾ ਡਰ ਸਤਾ ਰਿਹਾ ਹੈ। ਮਨਦੀਪ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪੁੱਤ ਮਨਦੀਪ ਨੂੰ ਪੁਲਸ ਨੇ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਪੁਲਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੇਰੇ ਪੁੱਤ ‘ਤੇ ਕਿਸੇ ਤਰ੍ਹਾਂ ਦਾ ਝੂਠਾ ਪਰਚਾ ਨਾ ਪਾਇਆ ਜਾਵੇ ਅਤੇ ਉਸਦਾ ਐਨਕਾਊਂਟਰ ਨਾ ਕੀਤਾ ਜਾਵੇ।
ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ’ਤੇ ਪੁਲਸ ਨੇ 2018 ’ਚ ਪਿਸਤੌਲ ਦਾ ਇਕ ਕੇਸ ਦਰਜ ਕਰ ਦਿੱਤਾ ਸੀ, ਜਿਸ ਦਾ ਕੋਈ ਸਬੂਤ ਨਾ ਮਿਲਣ ’ਤੇ ਪੁਲਸ ਨੇ ਉਸ ਨੂੰ ਛੱਡ ਦਿੱਤਾ ਸੀ। ਪੁਲਸ ਨੇ 2019 ’ਚ ਉਸ ਖ਼ਿਲਾਫ਼ ਮੁੜ ਕੇਸ ਦਰਜ ਕਰ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਉਸ ਖ਼ਿਲਾਫ਼ ਨਾਜਾਇਜ਼ ਝੂਠੇ ਪਰਚੇ ਦਰਜ ਕਰ ਦਿੱਤੇ ਅਤੇ ਭਗੌੜਾ ਕਰਾਰ ਦੇ ਦਿੱਤਾ। ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਜੇਕਰ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦਿੱਤੀ ਜਾਵੇ। ਉਸ ਦੇ ਪੁੱਤਰ ’ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਪੁਲਸ ਨੇ ਜੱਗੂ ਭਗਵਾਨਪੁਰੀਆ ਦੀ ਪਤਨੀ ਦੇ ਕਤਲ ਦਾ ਝੂਠਾ ਕੇਸ ਮਨਦੀਪ ਸਿਰ ਪਾਇਆ ਹੋਇਆ ਹੈ।
ਦੱਸ ਦੇਈਏ ਕਿ ਮਨਦੀਪ ਉਰਫ਼ ਤੂਫਾਨ ਦਾ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਂ ਸਾਹਮਣੇ ਆਇਆ ਸੀ। ਮਨਦੀਪ ਪਿਛਲੇ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਤੇ ਪੁਲਸ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਸੀ। ਅੱਜ ਸਵੇਰੇ ਏ.ਜੀ.ਟੀ.ਐੱਫ. ਨੇ ਛਾਪੇਮਾਰੀ ਕਰ ਕੇ ਅੰਮ੍ਰਿਤਸਰ ਤੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।