ਅਮਰੀਕਾ ਦੇ ਸ਼ਹਿਰ ਫਰਿਜ਼ਨੋ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ’ਚ ਦੋ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀਆਂ ਮਾਵਾਂ ਤੇ ਧੀਆਂ ਹਨ, ਜਦਕਿ ਤੀਜਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ। ਜਿਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ (ਰੁੜਕਾ ਕਲਾਂ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ) ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ (55) ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਾਜਰਾ ਸ਼ਾਮਿਲ ਹਨ।
ਖ਼ਬਰ ਮਿਲਦੇ ਹੀ ਨਗਰ ਰੁੜਕਾ ਕਲਾਂ ’ਚ ਸ਼ੋਕ ਦੀ ਲਹਿਰ ਫੈਲ ਗਈ। ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਦਾ ਪਰਿਵਾਰ ਬਹੁਤ ਹੀ ਪੜ੍ਹਿਆ- ਲਿਖਿਆ ਅਤੇ ਅਗਾਂਹਵਧੂ ਸੀ, ਜਿਨ੍ਹਾਂ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਪਰਿਵਾਰ ਨੂੰ ਪਿਆ ਇਹ ਘਾਟਾ ਪੂਰੇ ਇਲਾਕੇ ਨੂੰ ਪਏ ਘਾਟੇ ਦੇ ਸਮਾਨ ਹੈ। ਇਹ ਮੰਦਭਾਗੀ ਖ਼ਬਰ ਮਿਲਣ ਤੋਂ ਬਾਅਦ ਪੂਰਾ ਇਲਾਕਾ ਰਿਟਾਇਰਡ ਤਹਿਸੀਲਦਾਰ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ ।
ਅਮਰੀਕਾ ‘ਚ ਆਏ ਸਮੁੰਦਰੀ ਤੂਫਾਨ ਤੇ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਅਮਰੀਕਾ ਦੇ ਅਲਾਸਕਾ ਰਾਜ ਦੇ ਸਮੁੰਦਰ ‘ਚ ਆਏ ਜਬਰਦਸਤ ਤੂਫਾਨ ਤੇ ਮੀਂਹ ਨੇ ਜਨ-ਜੀਵਨ ਉਪਰ ਵਿਆਪਕ ਅਸਰ ਪਿਆ ਹੈ | ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਗਲੀਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ | ਗੋਲੋਵਿਨ, ਅਲਾਸਕਾ ‘ਚ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ | ਕੌਮੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫਾਨ ਦਾ ਜ਼ਿਆਦਾ ਦਬਾਅ ਦੱਖਣ-ਪੱਛਮੀ ਤੇ ਪੱਛਮੀ ਅਲਾਸਕਾ ‘ਚ ਹੈ | ਕਈ ਲੋਕ ਸਕੂਲਾਂ ਤੇ ਹੋਰ ਥਾਵਾਂ ‘ਤੇ ਪਨਾਹ ਲੈਣ ਲਈ ਮਜ਼ਬੂਰ ਹੋਏ ਹਨ | ਸਮੁੰਦਰ ‘ਚ ਲਹਿਰਾਂ ਦੀ ਉਚਾਈ 10 ਫੁੱਟ ਤੋਂ ਵੀ ਵੱਧ ਰਿਕਾਰਡ ਕੀਤੀ ਗਈ ਹੈ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਮੁੰਦਰ ‘ਚ ਪਾਣੀ ਦੇ ਉੱਚੇ ਪੱਧਰ ਕਾਰਨ ਤੱਟੀ ਖੇਤਰਾਂ ‘ਚ ਹੜ੍ਹ ਆ ਸਕਦਾ ਹੈ |
ਅਮਰੀਕਾ ‘ਚ ਦੋ ਜਹਾਜ਼ਾਂ ਦੀ ਆਪਸੀ ਟੱਕਰ ਕਾਰਨ 3 ਮੌਤਾਂ
ਅਮਰੀਕਾ ਦੇ ਕੋਲਾਰਡੋ ਸੂਬੇ ‘ਚ ਦੋ ਛੋਟੇ ਜਹਾਜ਼ਾਂ ਦੀ ਹਵਾ ‘ਚ ਆਪਸੀ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ | ਇਹ ਜਾਣਕਾਰੀ ਅੱਗ ਬੁਝਾਊ ਅਮਲੇ ਦੇ ਕਰਮੀਆਂ ਨੇ ਦਿੱਤੀ | ਏਜੰਸੀ ਨੇ ਟਵਿੱਟਰ ‘ਤੇ ਕਿਹਾ, ਅਧਿਕਾਰੀਆਂ ਨੇ ਦੋ ਜਹਾਜ਼ਾਂ ਦੀ ਆਪਸੀ ਟੱਕਰ ਦੀ ਜਾਣਕਾਰੀ ਦਿੱਤੀ ਅਤੇ 3 ਮੌਤਾਂ ਦੀ ਪੁਸ਼ਟੀ ਕੀਤੀ | ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ | ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਕਸੇਨਾ 172 ਅਤੇ ਸੋਨੈਕਸ ਸੀਨੋਜ ਸਨ | ਸਥਾਨਕ ਪੁਲਿਸ ਨੇ ਸੀ.ਬੀ.ਐਸ. ਕੋਲਾਰਡੋ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਮਿ੍ਤਕਾਂ ਦੇ ਨਾਂਅ ਜਨਤਕ ਨਹੀਂ ਕੀਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਲੇ ਦੱਸਿਆ ਜਾਣਾ ਬਾਕੀ ਹੈ | ਸਥਾਨਕ ਪੁਲਿਸ ਅਤੇ ਸੰਘੀ ਹਵਾਬਾਜ਼ੀ ਸੇਵਾਵਾਂ ਦੁਆਰਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |