ਤੇਲੰਗਾਨਾ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਨੇ ਆਪਣੇ ਪਤੀ ਨੂੰ ਮਾਰਨ ਤੇ ਇਸ ਨੂੰ ਹਾਦਸੇ ਦਾ ਰੂਪ ਦੇਣ ਲਈ ਵੱਡੀ ਸਾਜ਼ਿਸ਼ ਘੜੀ। ਪਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇਸ ਕਤਲ ਦਾ ਪਰਦਾਫਾਸ਼ ਕਰ ਦਿੱਤਾ।

ਬਾਈਕ ‘ਤੇ ਜਾ ਰਹੇ ਕਿਸਾਨ ਸ਼ੇਖ ਜਮਾਲ ਤੋਂ ਇਕ ਵਿਅਕਤੀ ਨੇ ਲਿਫਟ ਲੈ ਲਈ। ਲਿਫਟਰ ਨੇ ਕੁਝ ਦੂਰ ਜਾ ਕੇ ਜਮਾਲ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਨੂੰ ਹਾਦਸੇ ‘ਚ ਮੌਤ ਸਾਬਤ ਕਰਨ ਦੀ ਪੂਰੀ ਤਿਆਰੀ ਸੀ ਪਰ ਅਜਿਹਾ ਨਹੀਂ ਹੋ ਸਕਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਨਸਨੀਖੇਜ਼ ਕਤਲ ਦੇ ਪਿੱਛੇ ਦਾ ਭੇਤ ਬੇਨਕਾਬ ਹੋਇਆ। ਜਮਾਲ ਦਾ ਕਤਲ ਉਸ ਦੀ ਪਤਨੀ ਨੇ ਕੀਤਾ ਸੀ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਜਮਾਲ ਦੀ ਪਤਨੀ, ਇੱਕ ਆਰਐਮਪੀ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ 55 ਸਾਲਾ ਸ਼ੇਖ ਜਮਾਲ 19 ਸਤੰਬਰ ਦੀ ਸ਼ਾਮ ਨੂੰ ਘਰੋਂ ਨਿਕਲਿਆ ਸੀ। ਉਹ ਆਪਣੀ ਧੀ ਨੂੰ ਮਿਲਣ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦੇ ਪਿੰਡ ਗੁੰਡਰਾਈ ਜਾ ਰਿਹਾ ਸੀ। ਮੰਕੀਕੈਪ ਪਹਿਨੇ ਇੱਕ ਅਜਨਬੀ ਨੇ ਉਸ ਤੋਂ ਵੱਲਭੀ ਪਿੰਡ ਦੇ ਕੋਲ ਲਿਫਟ ਮੰਗੀ। ਜਮਾਲ ਨੇ ਰੁਕ ਕੇ ਮੁਲਜ਼ਮ ਨੂੰ ਲਿਫਟ ਦਿੱਤੀ, ਕੁਝ ਦੂਰ ਜਾ ਕੇ ਪਿੱਛੇ ਬੈਠੇ ਵਿਅਕਤੀ ਨੇ ਜਮਾਲ ਦੇ ਪੱਟ ਵਿੱਚ ਟੀਕਾ ਲਗਾ ਦਿੱਤਾ।

ਇਸ ਤੋਂ ਬਾਅਦ ਜਮਾਲ ਨੂੰ ਚੱਕਰ ਆਉਣ ਲੱਗੇ ਤਾਂ ਪਿੱਛੇ ਬੈਠੇ ਵਿਅਕਤੀ ਨੇ ਬਾਈਕ ਰੋਕਣ ਲਈ ਕਿਹਾ ਅਤੇ ਉਹ ਉਥੋਂ ਚਲਾ ਗਿਆ। ਇੱਥੇ ਜਮਾਲ ਨੇ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਤੋਂ ਮਦਦ ਮੰਗੀ। ਉਸਨੇ ਲੋਕਾਂ ਨੂੰ ਦੱਸਿਆ ਕਿ ਉਸਨੂੰ ਚੱਕਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ। ਹਾਲਾਂਕਿ ਹਸਪਤਾਲ ‘ਚ ਇਲਾਜ ਦੌਰਾਨ ਜਮਾਲ ਦੀ ਮੌਤ ਹੋ ਗਈ।