ਅੰਮ੍ਰਿਤਸਰ ਦੇ ਸਰਕਾਰੀ ਸਕੂਲ ਵਿਚ 9ਵੀਂ ਕਾਲਸ ਦੀ ਵਿਦਿਆਰਥਣ ਨਾਲ ਸਕੂਲ ਦੀਆਂ 11ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਕੁੱਟਮਾਰ ਕਰ ਦਿੱਤੀ। ਕੁੜੀਆਂ ਵਿਚਾਲੇ ਇਹ ਲੜਾਈ ਕਿਸੇ ਮੁੰਡੇ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਪੀੜਤ ਵਿਦਿਆਰਥਣ ਡਿਪਰੈਸ਼ਨ ਵਿਚ ਚਲੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਸ਼ਰੇਆਮ ਕੁਟਿਆ ਗਿਆ ਹੈ ਅਤੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ, ਜਿਸ ਕਾਰਣ ਉਹ ਡਰ ਗਈ ਹੈ ਜਿਸ ਕਾਰਣ ਉਹ ਹੁਣ ਸਕੂਲ ਜਾਣ ਤੋਂ ਵੀ ਕਤਰਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਜਦੋਂ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਲੜਕੀ ਨੂੰ ਘਰ ਹੀ ਬਿਠਾਓ, ਜਿਨ੍ਹਾਂ ਕੁੜੀਆਂ ਨੇ ਕੁੱਟਮਾਰ ਕੀਤੀ ਹੈ, ਉਨ੍ਹਾਂ ਨੂੰ ਵੀ ਘਰ ਬਿਠਾ ਦਿੱਤਾ ਗਿਆ ਹੈ। ਹੁਣ 9ਵੀਂ ਦੇ ਪੇਪਰ ਘਰ ਬੈਠ ਕੇ ਹੀ ਦਿਓ।

ਪਰਿਵਾਰ ਨੇ ਜਿੱਥੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਸਕੂਲ ਵਿਚ ਮੋਬਾਇਲ ਲੈ ਕੇ ਜਾਣ ’ਤੇ ਸਵਾਲ ਚੁੱਕੇ ਹਨ। ਦੂਜੇ ਪਾਸੇ ਪੀੜਤਾ ਦਾ ਕਹਿਣਾ ਹੈ ਕਿ ਇਕ ਮੁੰਡੇ ਕਰਕੇ ਇਹ ਲੜਾਈ ਹੋਈ ਹੈ, ਪਰ ਉਸ ਦੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ। ਪੀੜਤਾ ਨੇ ਕਿਹਾ ਕਿ ਇਸ ਝਗੜੇ ਤੋਂ ਬਾਅਦ ਹੁਣ ਮੈਨੂੰ ਸਕੂਲ ਜਾਣ ਤੋਂ ਡਰ ਲੱਗ ਰਿਹਾ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਇਹ ਵੀਡੀਓ ਕਿਸ ਵਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ, ਪਤਾ ਲਗਾਇਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।