ਜਾਨਲੇਵਾ ਸੜਕ ਹਾਦਸੇ ਲਈ ਦੋਸ਼ੀ ਸਰੀ ਦੇ ਪੰਜਾਬੀ ਨੂੰ ਅਦਾਲਤ ਨੇ ਸੁਣਾਈ ਸਜਾ
ਸਰੀ ਦੇ ਵੀਹ ਸਾਲਾ ਨੌਜਵਾਨ ਦਿਲਪ੍ਰੀਤ ਸੰਧੂ ਨੂੰ ਸੜਕ ਹਾਦਸੇ ‘ਚ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਮੰਨ ਕੇ ਸਰੀ ਦੀ ਅਦਾਲਤ ਨੇ 21 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਿਲਪ੍ਰੀਤ ਨੇ ਆਪਣਾ ਗੁਨਾਹ ਕਬੂਲ ਲਿਆ ਸੀ।
18 ਮਈ 2019 ਨੂੰ ਵਾਪਰੇ ਇਸ ਹਾਦਸੇ ‘ਚ ਸੌਕਰ ਦੇ ਸਟਾਰ ਖਿਡਾਰੀ ਬਰੈਂਡਨ ਬਾਸੀ ਦੀ ਮੌਤ ਹੋ ਗਈ ਸੀ ਜਦਕਿ ਦਿਲਪ੍ਰੀਤ ਦਾ ਰਿਸ਼ਤੇਦਾਰੀ ‘ਚੋਂ ਭਰਾ ਹਾਲੇ ਵੀ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਿਹਾ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ 122 ਸਟਰੀਟ ਅਤੇ 78 ਐਵੇਨਿਊ ਲਾਗੇ ਵਾਪਰੇ ਇਸ ਹਾਦਸੇ ਵੇਲੇ ਦਿਲਪ੍ਰੀਤ ਆਪਣੇ ਪਿਤਾ ਦੀ ਜੀਪ ਚੈਰੋਕੀ ਚਲਾ ਰਿਹਾ ਸੀ, ਜਿਸ ਵਿੱਚ 5 ਦੀ ਥਾਂ 6 ਜਣੇ ਸਵਾਰ ਸਨ ਅਤੇ ਇੱਕ 14 ਸਾਲਾ ਦੀ ਲੜਕੀ ਛੱਤ ‘ਚੋਂ ਸਿਰ ਬਾਹਰ ਕੱਢ ਕੇ ਰੌਲਾ ਪਾ ਰਹੀ ਸੀ।
ਅਤਿ ਸੰਘਣੇ ਰਿਹਾਇਸ਼ੀ ਇਲਾਕੇ ‘ਚ ਦਿਲਪ੍ਰੀਤ 153 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਦੋਂ ਇਹ ਬੇਕਾਬੂ ਹੋ ਕੇ ਪਲਟ ਗਈ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ