ਅੰਮ੍ਰਿਤਸਰ : ਵਿਦੇਸ਼ ’ਚ ਰਹਿੰਦੀ ਐੱਨ. ਆਰ. ਆਈ. ਪਤਨੀ ਨੇ ਜਦੋਂ ਆਪਣਾ ਧਰਮ ਨਿਭਾਉਂਦੇ ਹੋਏ ਪਤੀ ਨੂੰ ਭਾਰਤ ਤੋਂ ਕੈਨੇਡਾ ਆਪਣੇ ਨਾਲ ਪੀ. ਆਰ. ਦਿਵਾਉਣ ਲਈ ਸਪਾਊਸ ਵੀਜ਼ਾ ਲਗਵਾ ਕੇ ਆਪਣੇ ਕੋਲ ਬੁਲਾਇਆ ਤਾਂ ਉੱਥੇ ਪਹੁੰਚਦੇ ਹੀ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਬਦਲ ਗਈਆਂ। ਨਤੀਜਨ ਪਤਨੀ ਨੂੰ 6 ਸਾਲ ਪਹਿਲਾਂ ਹੋਏ ਵਿਆਹ ’ਚ ਘੱਟ ਦਾਜ ਲਿਆਉਣ ਲਈ ਇਨਾਂ ਦੁਖੀ ਕੀਤਾ ਗਿਆ ਕਿ ਉਹ ਤਿਲਮਿਲਾ ਉਠੀ। ਆਖਿਰਕਾਰ ਵਿਆਹੁਤਾ ਨੂੰ ਅੰਮ੍ਰਿਤਸਰ ਤੋਂ ਆਪਣੇ ਮਾਤਾ-ਪਿਤਾ ਦੀ ਮਦਦ ਲੈ ਕੇ ਕੈਨੇਡਾ ਛੱਡ ਕੇ ਆਪਣੇ ਸ਼ਹਿਰ ਵਾਪਸ ਆਉਣ ਨੂੰ ਮਜਬੂਰ ਹੋਣਾ ਪਇਆ। ਘਟਨਾਕ੍ਰਮ ’ਚ ਉਦੋਂ ਨਵਾਂ ਮੋੜ ਆ ਲਿਆ ਜਦੋਂ ਪਤਨੀ ਨੇ ਇੱਥੇ ਆ ਕੇ ਦੱਸਿਆ ਕਿ ਜਿਸ ਸਪਾਊਸ ਵੀਜ਼ੇ ਕਾਰਨ ਉਸਨੇ ਆਪਣੇ ਪਤੀ ਨੂੰ ਕੈਨੇਡਾ ਦੀ ਨਾਗਰਿਕਤਾ ਦਿਵਾਈ ਸੀ ਉਹ ਦਸਤਾਵੇਜ਼ਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਪਤੀ ਵਲੋਂ ਉਸ ਦੀ ਵਿਦਿਅਕ ਯੋਗਤਾ ਦੀ ਡਿਗਰੀ ਜਾਲੀ ਦਿਵਾਈ ਹੈ ਜੋ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦਿਨ ਤਾਂ ਹੱਦ ਹੋ ਗਈ ਜਦੋਂ ਪਤੀ ਦੀ ਜਾਅਲੀ ਡਿਗਰੀ ਬਾਰੇ ਦੱਸੇ ਜਾਣ ’ਤੇ ਗੁੱਸੇ ’ਚ ਪਤੀ ਨੇ ਪਤਨੀ ਨੂੰ ਇਨਾਂ ਕੁੱਟਿਆ ਕਿ ਉਸਦਾ ਬੁਰਾ ਹਾਲ ਹੋ ਗਿਆ ਅਤੇ ਉਸਨੂੰ ਉਸੇ ਹਾਲਾਤ ’ਚ ਕੈਨੇਡਾ ’ਚ ਘਰੋਂ ਕੱਢ ਦਿੱਤਾ ਗਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ ਦਾਜ ਲਈ ਤੰਗ ਕਰਨ ਦੇ ਨਾਲ-ਨਾਲ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਇਸ ਤੋਂ ਬਾਅਦ ਉਕਤ ਵਿਆਹੁਤਾ ਆਪਣੀ ਮਾਂ ਨਾਲ ਵਾਪਸ ਕੈਨੇਡਾ ਚਲੀ ਗਈ ਹੈ ਤਾਂ ਜੋ ਉਥੇ ਜਾ ਕੇ ਵੀ ਕੈਨੇਡਾ ਸਰਕਾਰ ਨੂੰ ਉਸਦੀ ਜਾਅਲੀ ਡਿਗਰੀ ਦਾ ਰਾਜ਼ ਉਜਾਗਰ ਕਰ ਸਕੇ।

ਪੁਲਸ ਕੋਲ ਦਰਜ ਕਰਵਾਈ ਐੱਫ. ਆਈ. ਆਰ. ਅਨੁਸਾਰ ਲੜਕੀ ਦੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਧੀ ਜਸਮੀਤ ਕੌਰ ਦਾ ਵਿਆਹ ਸੀ. ਏ. ਬਲਬੀਰ ਸਿੰਘ ਵਾਸੀ ਨਿਊ ਅੰਮ੍ਰਿਤਸਰ ਦੇ ਪੁੱਤਰ ਬਲਜਿੰਦਰ ਸਿੰਘ ਰੌਕੀ ਨਾਲ ਸਾਲ 2016 ਵਿਚ ਹੋਇਆ ਸੀ। ਵਿਆਹ ਸਮੇਂ ਲੱਖਾਂ ਰੁਪਏ ਖਰਚ ਕੇ ਉਸ ਨੇ ਆਪਣੀ ਲੜਕੀ ਨੂੰ ਹੌਂਡਾ-ਸਿਟੀ ਕਾਰ ਆਦਿ ਦੇ ਕੇ ਵਿਦਾ ਕੀਤਾ। ਵਿਆਹ ਤੋਂ ਬਾਅਦ ਲੜਕਾ ਅਤੇ ਉਸਦਾ ਪਰਿਵਾਰ ਸੰਤੁਸ਼ਟ ਨਹੀਂ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ. ਟੈੱਕ ਦੀ ਡਿਗਰੀ ਹੋਲਡਰ ਹੈ ਅਤੇ ਸਾਡੇ ਕਈ ਵੱਡੇ ਅਮੀਰ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਸਨ। ਇਸ ਕਾਰਨ ਉਨ੍ਹਾਂ ਨੇ ਵਿਆਹੁਤਾ ਨੂੰ ਬਰਾਬਰ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਦੋ ਸਾਲ ਇਸੇ ਪ੍ਰਕਾਰ ਦੀ ਪਰੇਸ਼ਾਨੀ ਝੱਲਦਿਆ ਬੀਤ ਜਾਣ ’ਤੇ ਸਹੁਰਿਆਂ ਵੱਲੋਂ ਲੜਕੀ ਦੇ ਪਿਤਾ ਨੂੰ ਬੇਨਤੀ ਕੀਤੀ ਗਈ ਕਿ ਲੜਕੇ ਨੂੰ ਉਸ ਦੀ ਡਿਗਰੀ ਅਨੁਸਾਰ ਕੰਮ ਨਹੀਂ ਮਿਲ ਰਿਹਾ। ਉੱਥੇ ਲੜਕੇ ਵਾਲਿਆ ਨੇ ਪੈਂਤਰਾ ਮਾਰਿਆ ਕਿ ਜੇਕਰ ਉਹ ਵਿਆਹੁਤਾ ਨੂੰ ਵਿਦੇਸ਼ ਭੇਜਣ ਦਾ ਇੰਤਜ਼ਾਮ ਕਰ ਦੇਵੇ ਤਾਂ ਦੋਵਾਂ ਦੀ ਜ਼ਿੰਦਗੀ ਬਣ ਸਕਦੀ ਹੈ। ਹਰਚਰਨ ਸਿੰਘ ਅਨੁਸਾਰ ਉਸਨੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਆਪਣੀ ਧੀ ਨੂੰ ਸਾਲ 2018 ’ਚ ਕੈਨੇਡਾ ਭੇਜ ਦਿੱਤਾ। ਜਿੱਥੇ ਉਸਨੂੰ 1 ਸਾਲ ਬਾਅਦ ਪੀ.ਆਰ. ਮਿਲੀ ਤਾਂ ਲੜਕੇ ਵਾਲਿਆਂ ਨੇ ਕਿਹਾ ਕਿ ਹੁਣ ਲੜਕੇ ਨੂੰ ਵੀ ਕੈਨੇਡਾ ਬੁਲਾ ਲਿਆ ਜਾਵੇ। ਇਸ ’ਤੇ ਵਿਆਹੁਤਾ ਨੇ ਆਪਣੇ ਪਤੀ ਨੂੰ ਉਥੇ ਸਪਾਊਸ ਵੀਜ਼ਾ ਲਗਵਾ ਕੇ ਅੰਮ੍ਰਿਤਸਰ ਤੋਂ ਕੈਨੇਡਾ ਬੁਲਾ ਲਿਆ।

ਇਸ ਮਾਮਲੇ ਵਿਚ ਨਾਟਕੀ ਮੋੜ ਉਦੋਂ ਆਇਆ ਜਦੋਂ ਲੜਕੇ ਨੇ ਉੱਥੇ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਦੇ-ਕਦਾਈਂ ਹੀ ਘਰ ਆਉਂਦਾ ਸੀ। ਜਦੋਂ ਲੜਕੀ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਉਹ ਅਜਿਹੇ ਛੋਟੇ-ਮੋਟੇ ਕੰਮ ਕਿਉਂ ਕਰਦਾ ਹੈ? ਜੇਕਰ ਉਹ ਉਸਨੂੰ ਆਪਣੀ ਬੀ.ਟੈੱਕ ਦੀ ਡਿਗਰੀ ਦਿਖਾ ਦਿੰਦਾ ਹੈ ਤਾਂ ਉਹ ਉਸਨੂੰ ਇੱਥੇ (ਕੈਨੇਡਾ) ਚੰਗੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਇਸ ’ਤੇ ਲੜਕਾ ਹਮਲਾਵਰ ਹੋ ਗਿਆ ਅਤੇ ਪਤਨੀ ਦੀ ਕੁੱਟਮਾਰ ਕੀਤੀ ਪਰ ਲੜਕੀ ਵਾਰ-ਵਾਰ ਆਪਣੀ ਮੰਗ ’ਤੇ ਅੜੀ ਰਹੀ। ਪੀੜਤ ਹਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਕੁੜਮ ਪਰਿਵਾਰ ਫੋਨ ਰਾਹੀਂ ਉਸ ਦੇ ਜਵਾਈ ਨਾਲ ਸੰਪਰਕ ਵਿਚ ਸੀ ਅਤੇ ਜਦੋਂ ਵੀ ਮੌਕਾ ਮਿਲਦਾ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਲੜਕੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਦਾ ਸੀ ਅਤੇ ਉਸ ਦੇ ਸਹੁਰੇ ਉਸ ਨੂੰ ਹੋਰ ਵੀ ਕੁੱਟਮਾਰ ਕਰਨ ਲਈ ਉਕਸਾਉਂਦੇ ਸਨ। ਘਟਨਾਕ੍ਰਮ ਦੀ ਅਗਲੀ ਕੜੀ ’ਚ ਕੈਨੇਡਾ ’ਚ ਵਿਆਹੁਤਾ ਦੇ ਪਤੀ ਬਲਜਿੰਦਰ ਸਿੰਘ ਰੋਮੀ ਦੇ ਸਪਾਊਸ ਵੀਜ਼ੇ ਦੇ ਬਾਅਦ ਲੱਗੀ ਪੀ. ਆਰ. ਦੇ ਮਾਮਲੇ ’ਚ ਉੱਥੋਂ ਦੇ ਸੰਬੰਧਤ ਵਿਭਾਗ ਨੇ ਵਿਆਹੁਤਾ ਜਸਮੀਤ ਕੌਰ ਦੇ ਦਸਤਾਵੇਜ਼ ਮੰਗੇ। ਇਸ ਲਈ ਪਤਨੀ ਨੇ ਜਦ ਆਪਣੇ ਪਤੀ ਨੂੰ ਮਜ਼ਬੂਰ ਕੀਤਾ ਕਿ ਉਸਦੀ ਡਿਗਰੀ ਦੇ ਬਾਰੇ ’ਚ ਕੈਨੇਡਾ ਸਰਕਾਰ ਨੂੰ ਦਿੱਤੀ ਗਈ ਉਸਦੀ ਪ੍ਰੋਫਾਈਲ ’ਚ ਜ਼ਿਕਰ ਕਰ ਦਿੱਤਾ ਹੈ ਤਾਂ ਮਜ਼ਬੂਰਨ ਬਲਜਿੰਦਰ ਨੂੰ ਆਪਣੀ ਬੀ.ਟੈੱਕ. ਦੀ ਡਿਗਰੀ ਲੜਕੀ ਨੂੰ ਦੇਣੀ ਪਈ ਜੋਕਿ ਜਾਅਲੀ ਨਿਕਲੀ।

ਪਤਨੀ ਨੇ ਜਦੋਂ ਆਪਣੇ ਪਤੀ ਨੂੰ ਜਾਅਲੀ ਡਿਗਰੀ ਬਾਰੇ ਦੱਸਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਉੱਥੇ ਇਸ ਦੇ ਨਾਲ ਹੀ ਉਸਦੇ ਅੰਮ੍ਰਿਤਸਰ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਉਸਨੇ ਲੜਕੀ ਨਾਲ ਵਾਰ-ਵਾਰ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਲੜਕੀ ਕੋਲ ਉਸ ਸਮੇਂ ਅੰਮ੍ਰਿਤਸਰ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਅਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਟਿਕਟ ਭੇਜ ਕੇ ਅੰਮ੍ਰਿਤਸਰ ਬੁਲਾਇਆ ਤਾਂ ਮਾਮਲਾ ਪੁਲਸ ਕੋਲ ਪਹੁੰਚ ਗਿਆ। ਪੁਲਸ ਨੇ ਕੁੜੀ ਦੇ ਪਤੀ ਬਲਜਿੰਦਰ ਸਿੰਘ ਰੋਮੀ, ਪਿਤਾ ਬਲਬੀਰ ਸਿੰਘ, ਮਾਤਾ ਅਮਰਜੀਤ ਕੌਰ ਵਾਸੀ ਨਿਊ ਅੰਮ੍ਰਿਤਸਰ ਖ਼ਿਲਾਫ 406, 498-ਏ, 420, 468, 465, 471, 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਲੜਕੀ ਦੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਐੱਨ.ਆਰ.ਆਈ. ਧੀ ਜਸਮੀਤ ਕੌਰ ਨੂੰ ਉਸ ਦੀ ਮਾਂ ਸਮੇਤ ਕੈਨੇਡਾ ਭੇਜਿਆ ਹੈ ਤਾਂ ਜੋ ਉਥੋਂ ਦੀ ਸਰਕਾਰ ਵੀ ਜਾਅਲੀ ਡਿਗਰੀਆਂ ਦੇ ਮਾਮਲੇ ਵਿਚ ਉਸ ਖ਼ਿਲਾਫ ਕਾਰਵਾਈ ਕਰ ਸਕੇ।