ਨੇੜਲੇ ਪਿੰਡ ਰਾਣਵਾਂ ਵਿਖੇ ਨੌਜਵਾਨ ਗੁਰਦੀਪ ਸਿੰਘ (30) ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ ਅਤੇ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਪਿੰਡ ਦੀ ਵਾਸੀ ਰਾਜਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਗੁਰਦੀਪ ਸਿੰਘ, ਜੋ ਦੁਬਈ ਵਿਖੇ ਰੋਜ਼ਗਾਰ ਕਰਦਾ ਸੀ ਅਤੇ ਤਕਰੀਬਨ ਢਾਈ ਸਾਲ ਪਹਿਲਾਂ ਹੀ ਉਹ ਵਾਪਸ ਆਇਆ ਸੀ।

ਬਿਆਨਕਰਤਾ ਅਨੁਸਾਰ ਜਦੋਂ ਗੁਰਦੀਪ ਸਿੰਘ ਵਿਦੇਸ਼ ਰਹਿੰਦਾ ਸੀ ਤਾਂ ਉਹ ਆਪਣੀ ਕਮਾਈ ਦੇ ਪੈਸੇ ਪਿੰਡ ’ਚ ਰਹਿੰਦੀ ਰਾਜਵਿੰਦਰ ਕੌਰ ਨੂੰ ਭੇਜਦਾ ਸੀ ਕਿਉਂਕਿ ਉਨ੍ਹਾਂ ਦੇ ਆਪਸ ’ਚ ਸਬੰਧ ਸਨ। ਬਿਆਨਕਰਤਾ ਨਛੱਤਰ ਸਿੰਘ ਅਨੁਸਾਰ ਉਸ ਦੇ ਲੜਕੇ ਨੇ ਤਕਰੀਬਨ 1.20 ਲੱਖ ਰੁਪਏ ਰਾਜਵਿੰਦਰ ਕੌਰ ਨੂੰ ਦਿੱਤੇ ਸਨ ਅਤੇ ਜਦੋਂ ਹੁਣ ਉਹ ਉਸ ਕੋਲੋਂ ਪੈਸੇ ਵਾਪਸ ਮੰਗ ਰਿਹਾ ਸੀ ਤਾਂ ਉਸ ਨਾਲ ਉਹ ਲੜਾਈ ਝਗੜਾ ਕਰਦੀ ਸੀ।

ਬੀਤੇ ਦਿਨ ਤਕਰੀਬਨ 8 ਵਜੇ ਮੇਰਾ ਲੜਕਾ ਰਾਜਵਿੰਦਰ ਕੌਰ ਦੇ ਘਰ ਪੈਸੇ ਮੰਗਣ ਗਿਆ ਸੀ ਤਾਂ ਕੁਝ ਚਿਰ ਬਾਅਦ ਹੀ ਇਹ ਔਰਤ ਸਾਡੇ ਘਰ ਆਈ ਤਾਂ ਉਸ ਨੇ ਗੁਰਦੀਪ ਸਿੰਘ ਨੂੰ ਗਲ਼ੇ ਤੋਂ ਫੜ ਕੇ ਉਸ ਦੇ ਮੂੰਹ ’ਤੇ ਚਪੇੜਾਂ ਮਾਰੀਆਂ ਤੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਮੈਂ ਤੇਰਾ ਕੋਈ ਪੈਸਾ ਨਹੀਂ ਦੇਣਾ। ਇਸ ਘਟਨਾ ਤੋਂ ਬਾਅਦ ਮੇਰਾ ਲੜਕਾ ਗੁਰਦੀਪ ਸਿੰਘ ਰੋਂਦਾ ਰਿਹਾ ਅਤੇ ਕਿਹਾ ਕਿ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਤੇ ਮੈਂ ਮਰ ਜਾਣਾ। ਬਿਆਨਕਰਤਾ ਅਨੁਸਾਰ ਸ਼ਾਮ ਨੂੰ ਮੇਰੇ ਲੜਕੇ ਗੁਰਦੀਪ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਲਟੀਆਂ ਕਰਨ ਲੱਗ ਪਿਆ,

ਜਿਸ ਦੀ ਹਾਲਤ ਖਰਾਬ ਹੁੰਦੀ ਦੇਖ ਉਸ ਨੂੰ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਮਾਛੀਵਾੜਾ ਪੁਲਸ ਵੱਲੋਂ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਰਾਜਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।