ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੱਖੇਵਾਲ ਦੇ ਰਹਿਣ ਵਾਲੇ ਮਨਦੀਪ ਸਿੰਘ ਵਿਆਹ ਕਰਵਾ ਲਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant maan) ਨੇ ਟਵੀਟ ਕਰਕੇ ਉਨ੍ਹਾਂ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਮਾਨ ਨੇ ਲਿਖਿਆ ,ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਨੂੰ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਤੇ ਬਹੁਤ ਮੁਬਾਰਕਾਂ ..ਜੋੜੀ ਜੁੱਗ-ਜੁੱਗ ਜੀਵੇ.. ।

ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਛੋਟੀ ਉਮਰ ਦੀ ਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ (28) ਅੱਜ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ (29) ਦੀ ਜੀਵਨ ਸਾਥਣ ਬਣ ਗਈ ਹੈ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋਡੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਨਿਭਾਈ ਗਈ। ਵਿਆਹ ਸਮਾਗਮ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਰੀਬੀ ਜਾਣਕਾਰ ਹੀ ਮੌਜੂਦ ਸਨ। ਵਿਆਹ ਦੀ ਰਸਮ ਨੂੰ ਕਾਫ਼ੀ ਸਾਦਾ ਰੱਖਿਆ ਗਿਆ।

ਵਿਧਾਇਕ ਭਰਾਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਲਐਲਬੀ ਕੀਤੀ ਹੈਅਤੇ ਦੋ ਵਾਰ ‘ਆਪ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਵੀ ਰਹਿ ਚੁੱਕੇ ਹਨ। ਵਿਧਾਇਕਾ ਨਰਿੰਦਰ ਕੌਰ ਭਰਾਜ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਰਖੀਆਂ ਵਿੱਚ ਆਈ ਸੀ। ਉਸ ਨੇ ਇਕੱਲਿਆਂ ਹੀ ਆਪਣੇ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਲਗਾਇਆ ਸੀ ਤੇ ਉਸ ਤੋਂ ਬਾਅਦ ਭਗਵੰਤ ਮਾਨ ਰਾਹੀਂ ਸਿਆਸਤ ਵਿੱਚ ਆਈ ਸੀ।

ਜ਼ਿਕਰਯੋਗ ਹੈ ਕਿ ਨਰਿੰਦਰ ਕੌਰ ਭਰਾਜ ਸੰਗਰੂਰ ਨੇੜਲੇ ਪਿੰਡ ਭਰਾਜ ਦੇ ਇੱਕ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਦੱਸਣਯੋਗ ਹੈ ਕਿ ਉਨ੍ਹਾਂ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤੇ ਦਿੱਗਜ ਆਗੂ ਵਿਜੇਇੰਦਰ ਸਿੰਗਲਾ ਤੇ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੂੰ ਹਰਾ ਕੇ ਰਿਕਾਰਡ ਤੋੜ ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।