ਪ੍ਰੇਮ ਵਿਆਹ ਟੁੱਟਿਆ ਤਾਂ ਕਬੱਡੀ ਖਿਡਾਰੀ ਨੇ ਰਚੀ ਅਜਿਹੀ ਸਾਜ਼ਿਸ਼ ਕਿ ਕੀਤਾ ਸਭ ਨੂੰ ਹੈਰਾਨ #punjabnews #punjabpolice

ਹੁਸ਼ਿਆਰਪੁਰ : ਦਸੂਹਾ ਦੇ ਪਿੰਡ ਉਡਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਕਬੱਡੀ ਖਿਡਾਰੀ ਨੇ ਪ੍ਰੇਮ ਵਿਆਹ ਟੁੱਟਣ ਮਗਰੋਂ ਕੁਝ ਅਜਿਹਾ ਕੀਤਾ ਕਿ ਸਭ ਨੂੰ ਚੱਕਰਾਂ ਵਿਚ ਪਾ ਦਿਤਾ ਪਰ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਸਲ ਵਿਚ ਪਿੰਡ ਉਡਰਾ ਦੇ ਠਾਣੇ ਵਿਚ ਰਿਪੋਰਟ ਲਿਖਵਾਈ ਗਈ ਕਿ ਰੋਬਿਨ ਸਿੰਘ ਨਾਮ ਦੇ ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਟੀਮ ਬਣਾਈ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਉਕਤ ਨੌਜਵਾਨ ਨੂੰ ਮੁਹਾਲੀ ਤੋਂ ਕਾਬੂ ਕਰ ਲਿਆ ਹੈ।

ਤਫ਼ਤੀਸ਼ੀ ਅਫਸਰ ਬਿਕਰਮਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਮਦਦ, ਹਿਊਮਨ ਸੋਰਸਿਸ ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਰੋਬਿਨ ਸਿੰਘ ਨੂੰ ਪਿੰਡ ਸੰਤੇਮਾਜਰਾ ਪਾਰਸਪੂਰਨਿਮਾ ਸੁਸਾਇਟੀ ਦੇ ਫਲੈਟ ਨੰਬਰ-10 ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਤੋਂ ਬਰਾਮਦ ਕੀਤਾ ਹੈ। ਇਸ ਜਾਂਚ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਰੋਬਿਨ ਸਿੰਘ ਜੋ ਕਿ ਕਬੱਡੀ ਖਿਡਾਰੀ ਵੀ ਹੈ ਅਤੇ ਇਕ ਨਿਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ‘ਚ ਪੜ੍ਹਦਾ ਸੀ ਤੇ ਉਥੇ ਹੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਪਰ ਇਹ ਜ਼ਿਆਦਾ ਦੇਰ ਖੁਸ਼ਗਵਾਰ ਨਾ ਰਹਿ ਸਕਿਆ।

ਜਿਸ ਦੇ ਚਲਦੇ ਰੋਬਿਨ ਅਤੇ ਉਹ ਲੜਕੀ ਵੱਖ-ਵੱਖ ਰਹਿਣ ਲੱਗੇ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਰਹਿੰਦੇ ਹੋਏ ਰੋਬਿਨ ਸਿੰਘ ਮਾੜੀ ਸੰਗਤ ਵਿਚ ਪੈ ਗਿਆ ਸੀ ਜਿਸ ਦੇ ਚਲਦੇ ਉਸ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਰੀ ਕਹਾਣੀ ਬਾਰੇ ਉਸ ਨੇ ਆਪਣੇ ਮਾਪਿਆਂ ਨੂੰ ਵੀ ਅਣਜਾਣ ਹੀ ਰੱਖਿਆ ਅਤੇ ਆਪਣੇ ਘਰੋਂ ਪੜ੍ਹਾਈ ਦਾ ਖ਼ਰਚਾ ਪਹਿਲਾਂ ਦੀ ਤਰ੍ਹਾਂ ਹੀ ਮੰਗਵਾਉਂਦਾ ਰਿਹਾ। ਕੁੜੀ ਤੋਂ ਅਲੱਗ ਹੋਣ ਮਗਰੋਂ ਰੋਬਿਨ ਸਿੰਘ ਨੇ ਜੋ ਸਾਜ਼ਿਸ਼ ਰਚੀ ਉਸ ਤਹਿਤ ਹੀ ਉਹ ਆਪਣੇ ਪਿੰਡ ਉਡਰਾ ਜਿਥੇ ਉਸ ਦੇ ਆਚਰਣ ਬਾਰੇ ਘਰਦਿਆਂ ਨੂੰ ਪਤਾ ਲੱਗ ਗਿਆ ਅਤੇ ਉਹ ਰੋਬਿਨ ਨੂੰ ਘਰੋਂ ਬਾਹਰ ਜਾਣ ਤੋਂ ਵਰਜਦੇ ਸਨ। ਇਸ ਦੇ ਚਲਦੇ ਹੋ ਰਿਬਿਨ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਖੁਦ ਦੇ ਅਗਵਾ ਹੋਣ ਦੀ ਕਹਾਣੀ ਰਚਾਈ।

ਸਾਜ਼ੀਸ਼ਘਾੜੇ ਰੋਬਿਨ ਸਿੰਘ ਨੇ ਆਪਣੇ ਘਰ ਫੋਨ ਕਰ ਕੇ ਆਪਣੇ ਅਗਵਾ ਹੋਣ ਬਾਰੇ ਖਬਰ ਦਿੱਤੀ ਅਤੇ ਫਿਰ ਮੋਬਾਈਲ ਬੰਦ ਕਰ ਕੇ ਗਾਇਬ ਹੋ ਗਿਆ। ਪਰ ਪੁਲਿਸ ਨੇ ਇਸ ਸਾਰੀ ਸਾਜ਼ਿਸ਼ ਦਾ ਭਾਂਡਾ ਭੰਨਦਿਆਂ ਰੋਬਿਨ ਸਿੰਘ ਅਤੇ ਉਸ ਦੇ 2 ਦੋਸਤ ਰੋਹਿਤ ਪੁੱਤਰ ਕਿਸ਼ੋਰ ਚੰਦ ਵਾਸੀ ਹਰਦੋਥਲਾ ਅਤੇ ਕਰਨ ਪੁੱਤਰ ਕਰਮ ਚੰਦ ਵਾਸੀ ਕਠਾਣਾ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਤਿੰਨਾਂ ਦੀ ਛੋਟੀ ਉਮਰ ਨੂੰ ਦੇਖਦਿਆਂ ਇਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸਿਰਫ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਦਸੂਹਾ ਦੀ ਅਦਾਲਤ ’ਚ ਪੇਸ਼ ਕਰ ਕੇ ਰੌਬਿਨ ਸਿੰਘ ਤੇ ਉਸ ਦੇ ਪਿਤਾ ਸੁਰਜੀਤ ਸਿੰਘ ਉਡਰਾ ਦੇ ਬਿਆਨ ਦਰਜ ਕਰਵਾਏ ਜਾਣਗੇ, ਜਦੋਂ ਕਿ ਜ਼ਿਲ੍ਹਾ ਪੁਲਸ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਮੌਕੇ ਜਦੋਂ ਰੌਬਿਨ ਸਿੰਘ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਗਲਤੀ ਕਰ ਬੈਠਾ ਹੈ ਅਤੇ ਹੁਣ ਉਹ ਅਪਣੇ ’ਚ ਸੁਧਾਰ ਲਿਆਵੇਗਾ।