ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਅੱਜ ਆਪਣਾ 74ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਹੇਮਾ ਮਾਲਿਨੀ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ‘ਤੇ ਜਾਨ ਛਿੜਕਦੇ ਹਨ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ‘ਚ ਅਣਗਿਣਤ ਹਿੱਟ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਧਰਮਿੰਦਰ ਨਾਲ ਹਨ। ਦੋਹਾਂ ਨੇ ਕਈ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਅਤੇ ਉਥੋਂ ਹੀ ਇਨ੍ਹਾਂ ਪਿਆਰ ਸਿਰੇ ਚੜ੍ਹਿਆ। ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕਰਵਾ ਲਿਆ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੇਮਾ ਮਾਲਿਨੀ ਜਾਇਦਾਦ ਦੇ ਮਾਮਲੇ ‘ਚ ਧਰਮਿੰਦਰ ਅਤੇ ਪੁੱਤਰ ਸੰਨੀ ਦਿਓਲ (Sunny Deol) ਤੋਂ ਬਹੁਤ ਅੱਗੇ ਹੈ।

ਦਰਅਸਲ, 2019 ਦੀਆਂ ਚੋਣਾਂ ਦੇ ਹਲਫ਼ਨਾਮੇ ‘ਚ ਹੇਮਾ ਮਾਲਿਨੀ ਨੇ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਸੀ। ਜਿਸ ਮੁਤਾਬਕ ਉਨ੍ਹਾਂ ਕੋਲ ਕੁੱਲ 249 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ‘ਚੋਂ 114 ਕਰੋੜ ਉਸ ਦੇ ਅਤੇ 135 ਕਰੋੜ ਪਤੀ ਧਰਮਿੰਦਰ ਦੇ ਹਨ ਪਰ ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ‘ਚ ਹੇਮਾ ਦੀ ਜਾਇਦਾਦ ‘ਚ ਕਰੀਬ 72 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਸਾਲ 2014 ‘ਚ ਹੇਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਅਦਾਕਾਰਾ ਕੋਲ 178 ਕਰੋੜ ਰੁਪਏ ਦੀ ਜਾਇਦਾਦ ਸੀ, ਜਿਸ ‘ਚ ਉਨ੍ਹਾਂ ਦੇ ਪਤੀ ਧਰਮਿੰਦਰ ਦੀ ਜਾਇਦਾਦ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਹੇਮਾ ਮਾਲਿਨੀ ਕੋਲ 5.61 ਲੱਖ ਦੀ ਨਕਦੀ ਹੈ ਪਰ ਜੇਕਰ ਧਰਮਿੰਦਰ ਦੀ ਮੰਨੀਏ ਤਾਂ ਉਨ੍ਹਾਂ ਕੋਲ ਸਿਰਫ਼ 32,500 ਰੁਪਏ ਨਕਦ ਹਨ।

ਸੰਨੀ ਦਿਓਲ ਧਰਮਿੰਦਰ ਦੀ ਪਹਿਲੀ ਪਤਨੀ ਦੇ ਪੁੱਤਰ ਹਨ, ਯਾਨੀ ਉਹ ਹੇਮਾ ਦੇ ਮਤਰੇਏ ਪੁੱਤਰ ਹਨ। ਸੰਨੀ ਦਿਓਲ ਵੀ ਬਾਲੀਵੁੱਡ ਦੇ ਸੁਪਰਸਟਾਰ ਹਨ ਪਰ ਜਾਇਦਾਦ ਦੇ ਮਾਮਲੇ ‘ਚ ਉਹ ਆਪਣੀ ਮਾਂ ਹੇਮਾ ਤੋਂ ਕਾਫ਼ੀ ਪਿੱਛੇ ਹਨ। ਜਾਣਕਾਰੀ ਮੁਤਾਬਕ ਸੰਨੀ ਕੋਲ ਕੁੱਲ 83 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ 53 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕੋਲ 60 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦੇ ਬੈਂਕ ਖਾਤੇ ‘ਚ ਕਰੀਬ 9 ਲੱਖ ਰੁਪਏ ਅਤੇ ਕਰੀਬ 26 ਲੱਖ ਰੁਪਏ ਨਕਦ ਹਨ। ਉੱਥੇ ਹੀ ਉਨ੍ਹਾਂ ਦੀ ਪਤਨੀ ਪੂਜਾ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਵੀ 6 ਕਰੋੜ ਦੀ ਜਾਇਦਾਦ ਹੈ, ਜਿਸ ‘ਚੋਂ 19 ਲੱਖ ਬੈਂਕ ‘ਚ ਅਤੇ 16 ਲੱਖ ਨਕਦੀ ਹੈ।