ਬਾਲੀਵੁੱਡ ਦੇ ਕਈ ਕਲਾਕਾਰ ਅਜਿਹੇ ਵੀ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਭੁਲਾ ਪਾਉਂਦੇ। ਅਜਿਹਾ ਹੀ ਅਦਾਕਾਰ ਸੀ ਓਮ ਪੁਰੀ। ਓਮ ਪੁਰੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਵਰਗ ਦੇ ਲੋਕਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ, ਜਿਸ ਕਰਕੇ ਅੱਜ ਵੀ ਲੋਕ ਉਨ੍ਹਾਂ ਦੀਆਂ ਫ਼ਿਲਮਾਂ ਵੇਖਣਾ ਪਸੰਦ ਕਰਦੇ ਹਨ। ਦੱਸ ਦਈਏ ਕਿ ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।

ਗ਼ਰੀਬੀ ਕਾਰਨ ਮਾਂਜਣੇ ਪਏ ਸਨ ਭਾਂਡੇ
ਓਮ ਪੁਰੀ ਦਾ ਬਚਪਨ ਬੇਹੱਦ ਦੁੱਖਾਂ ਅਤੇ ਗ਼ਰੀਬੀ ‘ਚ ਬੀਤਿਆ। ਕਿਹਾ ਜਾਂਦਾ ਹੈ ਕਿ ਜਦੋਂ ਓਮ ਪੁਰੀ ਸਿਰਫ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਸੀਮਿੰਟ ਚੋਰੀ ਕਰਨ ਦੇ ਦੋਸ਼ ‘ਚ ਕੈਦ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਓਮ ਪੁਰੀ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ। ਘਰ ਚਲਾਉਣ ਲਈ ਉਸ ਨੂੰ ਛੋਟੀ ਉਮਰ ‘ਚ ਚਾਹ ਵੇਚਣ ਵਾਲੇ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਪਿਆ। ਹਾਲਾਂਕਿ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਓਮ ਪੁਰੀ ਨੇ ਨੈਸ਼ਨਲ ਸਕੂਲ ਆਫ ਡਰਾਮਾ ‘ਚ ਦਾਖ਼ਲਾ ਲਿਆ। ਦੱਸ ਦੇਈਏ ਕਿ ਇੱਥੇ ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਦੀ ਦੋਸਤੀ ਹੋਈ ਸੀ।

ਸ਼ਬਾਨਾ ਆਜ਼ਮੀ ਵਲੋਂ ਕੀਤੀ ਗਈ ਸੀ ਇਹ ਟਿੱਪਣੀ
ਓਮ ਪੁਰੀ ਦੀਆਂ ਮਸ਼ਹੂਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ‘ਚ ‘ਅਰਧ ਸੱਤਿਆ’, ‘ਆਰੋਹਣ’, ‘ਦ੍ਰੋਹਾ ਕਾਲ’, ‘ਆਕ੍ਰੋਸ਼’, ‘ਮਾਚਿਸ’ ਅਤੇ ‘ਅਘਟਾ’ ਆਦਿ ਸ਼ਾਮਲ ਹਨ। ਜਦੋਂ ਓਮ ਪੁਰੀ ਐੱਨ. ਐੱਸ. ਡੀ. ‘ਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਸ਼ਬਾਨਾ ਆਜ਼ਮੀ ਨਾਲ ਹੋਈ, ਜਿੰਨ੍ਹਾਂ ਨੇ ਅਦਾਕਾਰ ਦੇ ਲੁੱਕ ‘ਤੇ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ।


ਮੀਡੀਆ ਰਿਪੋਰਟਾਂ ਮੁਤਾਬਕ, ਸ਼ਬਾਨਾ ਨੇ ਓਮ ਪੁਰੀ ਨੂੰ ਕਿਹਾ ਸੀ ਕੀ, ਕਿਹੋ ਜਿਹੇ ਲੋਕ ਐਕਟਰ ਬਣਨ ਲਈ ਆ ਜਾਂਦੇ ਹਨ। ਹਾਲਾਂਕਿ, ਬਾਅਦ ‘ਚ ਦੋਵਾਂ ਨੇ ‘ਧਾਰਾਵੀ’, ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’, ‘ਸਿਟੀ ਆਫ ਜੌਏ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ।

ਨਿੱਜੀ ਜ਼ਿੰਦਗੀ ‘ਚ ਆਏ ਕਈ ਉਤਰਾਅ ਚੜ੍ਹਾਅ
ਆਪਣੀ ਜ਼ਬਰਦਸਤ ਅਦਾਕਾਰੀ ਨਾਲ ਲਾਈਮਲਾਈਟ ‘ਚ ਆਏ ਓਮ ਪੁਰੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ ਓਮ ਪੁਰੀ ਦੀ ਪਤਨੀ ਨੰਦਿਤਾ ਨੇ ਸਾਲ 2009 ‘ਚ ਅਦਾਕਾਰ ਦੀ ਜੀਵਨੀ ‘ਅਨਲਾਇਕਲੀ ਹੀਰੋ-ਓਮ ਪੁਰੀ’ ‘ਚ ਓਮ ਪੁਰੀ ਬਾਰੇ ਬਹੁਤ ਵੱਡੇ ਖ਼ੁਲਾਸੇ ਕੀਤੇ ਸਨ।

ਸਾਲ 2009 ‘ਚ ਬਾਇਓਗ੍ਰਾਫੀ ਕਾਰਨ ਅਦਾਕਾਰ ਦੇ ਘਰ ‘ਚ ਕਾਫ਼ੀ ਹੰਗਾਮਾ ਹੋਇਆ ਸੀ ਅਤੇ ਆਖਿਰਕਾਰ ਓਮ ਪੁਰੀ ਅਤੇ ਨੰਦਿਤਾ ਦਾ ਸਾਲ 2013 ‘ਚ ਤਲਾਕ ਹੋ ਗਿਆ। ਓਮ ਪੁਰੀ ਨੰਦਿਤਾ ਦੀ ਇਜਾਜ਼ਤ ਤੋਂ ਬਿਨਾਂ ਕਿਤਾਬ ‘ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇਤਰਾਜ਼ਯੋਗ ਗੱਲਾਂ ਲਿਖਣ ‘ਤੇ ਉਸ ਤੋਂ ਨਾਰਾਜ਼ ਸਨ। ਸਾਲ 2017 ‘ਚ ਬ੍ਰੇਨ ਹੈਮਰੇਜ ਕਾਰਨ ਓਮ ਪੁਰੀ ਦੀ ਮੌਤ ਹੋ ਗਈ ਸੀ।