ਔਰਤ ਨੇ ਚਾਹ ਬਣਾ ਕੇ ਕਾਇਮ ਕਰ ਦਿੱਤਾ ਗਿਨੀਜ਼ ਵਰਲਡ ਰਿਕਾਰਡ, ਪੜ੍ਹੋ ਇਹ ਰੋਚਕ ਖ਼ਬਰ #SouthAfrica #GuinnessWorldRecord #IngarValentyn #TeaCups

ਇੰਗਰ ਵੈਲੇਨਟਾਈਨ ਨਾਂਅ ਦੀ ਇੱਕ ਦੱਖਣੀ ਅਫ਼ਰੀਕੀ ਨਾਗਰਿਕ ਔਰਤ ਨੇ ਸੈਰ-ਸਪਾਟਾ, ਰੁਇਬੋਸ ਚਾਹ ਅਤੇ ਵੱਪਰਥਲ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਇੱਕ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰ ਦਿੱਤਾ।ਸਿਰਫ਼ ਇੱਕ ਘੰਟੇ ਵਿੱਚ ਸਭ ਤੋਂ ਵੱਧ ਚਾਹ ਦੇ ਕੱਪ ਬਣਾ ਕੇ, ਦੱਖਣੀ ਅਫ਼ਰੀਕਾ ਦੀ ਇਸ ਔਰਤ ਨੇ ਇਸ ਸ਼੍ਰੇਣੀ ਦਾ ਪੁਰਾਣਾ ਗਿਨੀਜ਼ ਵਰਲਡ ਰਿਕਾਰਡ ਤੋੜਿਆ। ਇੰਗਰ ਵੈਲੇਨਟਾਈਨ ਨੇ ਆਪਣੇ ਵਿਸ਼ਵ ਰਿਕਾਰਡ ਦੀ ਕੋਸ਼ਿਸ਼ ਲਈ ਰੂਇਬੋਸ ਚਾਹ ਬਣਾਉਣ ਦੀ ਚੋਣ ਕੀਤੀ। ਦਰਅਸਲ ਇਹ ਇੱਕ ਲਾਲ ਹਰਬਲ ਚਾਹ ਹੁੰਦੀ ਹੈ ਜੋ ਦੱਖਣੀ ਅਫ਼ਰੀਕਾ ਦੇ ਸਪਲਾਥਸ ਲਾਇਨੀਅਰਿਸ ਝਾੜੀ ਦੇ ਪੱਤਿਆਂ ਤੋਂ ਬਣਦੀ ਹੈ। ਇੰਗਰ ਨੇ ਚਾਹ ਤਿੰਨ ਵੱਖੋ-ਵੱਖ ਸੁਆਦਾਂ ਵਿੱਚ ਬਣਾਉਣ ਦੀ ਚੋਣ ਕੀਤੀ ਜਿਸ ‘ਚ ਸਧਾਰਨ, ਵਨੀਲਾ ਅਤੇ ਸਟ੍ਰਾਬੇਰੀ ਸ਼ਾਮਲ ਸਨ।

“ਉਸ ਨੇ ਹਰ ਕੇਤਲੀ ਵਿੱਚ ਚਾਰ ਟੀਬੈਗ ਪਾਏ, ਜਿਸ ਨਾਲ ਚਾਹ ਦੇ ਚਾਰ ਕੱਪ ਬਣਦੇ ਹਨ। ਸਹੀ ਰੁਇਬੋਸ ਚਾਹ ਬਣਾਉਣ ਦੀ ਯੋਗਤਾ ਪੂਰੀ ਕਰਨ ਲਈ, ਹਰ ਟੀਬੈਗ ਨੂੰ ਘੱਟੋ-ਘੱਟ ਦੋ ਮਿੰਟਾਂ ਲਈ ਭਿੱਜੇ ਰਹਿਣ ਦੀ ਲੋੜ ਹੁੰਦੀ ਹੈ। ਆਪਣੀ ਕੁਸ਼ਲਤਾ ‘ਚ ਵਾਧੇ ਲਈ, ਇੰਗਰ ਪਹਿਲੀਆਂ ਤਿੰਨ ਕੇਤਲੀਆਂ ਖਾਲੀ ਕਰਕੇ ਦੁਬਾਰਾ ਟੀਬੈਗ ਪਾਉਂਦੀ ਸੀ, ਉਹ ਨਾਲ ਦੀ ਨਾਲ ਅਗਲੀਆਂ ਤਿੰਨ ਕੇਤਲੀਆਂ ਦੀ ਤਿਆਰੀ ‘ਚ ਜੁਟ ਜਾਂਦੀ ਸੀ।” ਆਪਣੇ ਬਲਾਗ ਵਿੱਚ ਗਿਨੀਜ਼ ਵਰਲਡ ਰਿਕਾਰਡਸ ਨੇ ਲਿਖਿਆ।

ਭੋਜਨ ਸੰਬੰਧੀ ਰਿਕਾਰਡਾਂ ਬਾਰੇ ਗਿਨੀਜ਼ ਵਰਲਡ ਰਿਕਾਰਡ ਦੀਆਂ ਨੀਤੀਆਂ ਬੜੀਆਂ ਸਪੱਸ਼ਟ ਹਨ। ਉਹਨਾਂ ਨੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਵਾਲੇ ਇੱਕ ਸਥਾਨਕ ਦੇ ਚਾਹ ਪੀਣ ਵਾਲੇ ਸਮੂਹ ਦੀ ਵਿਵਸਥਾ ਕਰਕੇ ਇੰਗਰ ਦੀ ਮਦਦ ਕੀਤੀ। ਹਾਲਾਂਕਿ, ਕੋਸ਼ਿਸ਼ ਦੇ 20 ਮਿੰਟਾਂ ਵਿੱਚ ਉਸ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਦੇ ਸਾਫ਼ ਕੱਪ ਲਗਭਗ ਖ਼ਤਮ ਹੋ ਗਏ ਸੀ। ਪਰ ਕੁਝ ਹੀ ਪਲਾਂ ‘ਚ ਸਥਾਨਕ ਲੋਕਾਂ ਨੇ ਉਸ ਵੱਲ੍ਹ ਮਦਦ ਦਾ ਹੱਥ ਵਧਾਇਆ ਅਤੇ ਆਪਣੇ ਵੱਲੋਂ ਪੀਤੀ ਚਾਹ ਦੇ ਕੱਪ ਧੋ ਕੇ ਮੁੜ ਇੰਗਰ ਹਵਾਲੇ ਕਰ ਦਿੱਤੇ।

ਜਿਵੇਂ ਹੀ ਘੰਟਾ ਸਮਾਪਤ ਹੋਇਆ, ਇੰਗਰ ਨੂੰ ਭਰੋਸਾ ਸੀ ਕਿ ਉਹ 150 ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਅਤੇ ਉਹ 170 ਕੱਪ ਬਣਾ ਚੁੱਕੀ ਹੈ। ਪਰ ਉਸ ਦੀ ਗਿਣਤੀ ਗ਼ਲਤ ਸੀ। 170 ਦੀ ਬਜਾਏ, ਉਸ ਨੇ ਇੱਕ ਘੰਟੇ ਵਿੱਚ 250 ਕੱਪ ਚਾਹ ਬਣਾਈ। ਹਾਲਾਂਕਿ, ਇੱਕ ਕੱਪ ਨੂੰ ਇਸ ਕਰਕੇ ਗਿਣਿਆ ਨਹੀਂ ਗਿਆ ਕਿਉਂ ਕਿ ਇਸ ‘ਚ ਪਾਈ ਗਈ ਚਾਹ ਦੀ ਮਾਤਰਾ ਨਿਰਧਾਰਿਤ ਘੱਟੋ-ਘੱਟ 142 ਮਿਲੀਲੀਟਰ ਤੋਂ ਘੱਟ ਸੀ। ਅਧਿਕਾਰਤ ਗਿਣਤੀ 249 ਨਿਕਲੀ, ਜਿਸ ਦਾ ਸਿੱਧਾ ਮਤਲਬ ਹੈ ਕਿ ਉਸ ਨੇ ਇੱਕ ਮਿੰਟ ‘ਚ ਚਾਰ ਕੱਪ ਚਾਹ ਬਣਾਈ।

ਗਿਨੀਜ਼ ਵਰਲਡ ਰਿਕਾਰਡਜ਼ ਦੇ ਕਹਿਣ ਮੁਤਾਬਿਕ, ਇੰਗਰ ਨੇ ਇਹ ਰਿਕਾਰਡ ਬਣਾਉਣ ਦੀ ਕੋਸ਼ਿਸ਼ ਦਸੰਬਰ 2018 ‘ਚ ਲੱਗੀ ਜੰਗਲ ਦੀ ਅੱਗ ਤੋਂ ਉੱਭਰੇ ਵੁਪਰਥਲ ਭਾਈਚਾਰੇ ਸਹਿਣਸ਼ੀਲਤਾ ਦੇ ਸਨਮਾਨ ਦੇ ਨਾਲ ਨਾਲ, ਸੈਰ-ਸਪਾਟਾ ਅਤੇ ਰੁਇਬੋਸ ਚਾਹ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੀਤੀ। ਇਸ ਅੱਗ ਨਾਲ ਭਾਰੀ ਤਬਾਹੀ ਹੋਈ ਸੀ ਅਤੇ 200 ਤੋਂ ਵੱਧ ਲੋਕ ਬੇਘਰ ਹੋ ਗਏ ਸੀ, ਜਿਨ੍ਹਾਂ ਵਿੱਚ ਇੰਗਰ ਖ਼ੁਦ ਵੀ ਸ਼ਾਮਲ ਸੀ।