ਮਿਹਰ ਮਿੱਤਲ ਪੰਜਾਬੀ ਸਿਨੇਮਾ ਜਗਤ ਦੇ ਉਹ ਮਸ਼ਹੂਰ ਕਾਮੇਡੀ ਅਦਾਕਾਰ ਸਨ ਜੋ ਹੀਰੋ ਤੋਂ ਵੀ ਵੱਧ ਪੈਸੇ ਲੈਂਦੇ ਸਨ। ਤੁਹਾਨੂੰ ਉਨ੍ਹਾਂ ਦਾ ਕਿਹੜਾ ਕਿਰਦਾਰ ਸਭ ਤੋਂ ਵੱਧ ਪਸੰਦ ਹੈ #MeharMittal #PunjabiCinema

“ਫਿਲਮਾਂ ਦੇ ਵਿੱਚ ਜਿਹੜਾ ਆਦਮੀ ਹਸਾਉਂਦਾ ਹੈ, ਉਸ ਨੂੰ ਇਹ ਪਤਾ ਹੁੰਦਾ ਹੈ ਜੇ ਠਹਾਕਾ ਨਾ ਲੱਗਾ ਤਾਂ ਮੈਂ ਇੱਕ ਕਾਮੇਡੀਅਨ ਵਜੋਂ ਫੇਲ੍ਹ ਹਾਂ।”ਇੱਕ ਇੰਟਰਵਿਊ ਵਿੱਚ ਮਿਹਰ ਮਿੱਤਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੀਤਾ ਸੀ।ਮਿਹਰ ਮਿੱਤਲ ਆਖਦੇ ਹੁੰਦੇ ਸਨ ਕਿ ਕਾਮੇਡੀ ਕਲਾਕਾਰ ਨੂੰ ਲੋਕਾਂ ਦੀ ਨਬਜ਼ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਕਾਮੇਡੀ ਕਰਦੇ ਕਰਵਾਉਂਦੇ ਹਨ।ਉਹ ਆਖਦੇ ਹੁੰਦੇ ਸਨ ਕਿ ਜੋ ਵੀ ਕਿਰਦਾਰ ਉਨ੍ਹਾਂ ਨੂੰ ਮਿਲਦਾ ਸੀ ਉਹ ਉਸ ਵਿੱਚ ਡੁੱਬ ਜਾਂਦੇ ਹਨ।ਉਨ੍ਹਾਂ ਨੇ ਕਿਹਾ, “ਮੈਂ ਚਪੜਾਸੀ ਬਣਾਂ, ਨੌਕਰ ਬਣਾਂ ਜਾਂ ਕੁਝ ਹੋਰ, ਮੈਂ ਆਪਣੀ ਚਾਲ, ਢਾਲ, ਪਹਿਰਾਵਾ ਅਤੇ ਬੋਲੀ ਸਭ ਓਹੀ ਬਣਾ ਲੈਂਦਾ ਹਾਂ।”70 ਦੇ ਦਹਾਕੇ ‘ਚ ਪੰਜਾਬੀ ਫ਼ਿਲਮਾਂ ‘ਚ ਕਦਮ ਰੱਖਣ ਵਾਲੇ ਮਸ਼ਹੂਰ ਕਾਮੇਡੀ ਅਦਾਕਾਰ ਮਿਹਰ ਮਿੱਤਲ ਨੇ ਥੀਏਟਰ ਤੋਂ ਪੰਜਾਬੀ ਫ਼ਿਲਮਾਂ ਵਿੱਚ ਆਉਂਦਿਆਂ ਹੀ ਹੀਰੋ ਤੋਂ ਵੀ ਮਹਿੰਗਾ ਅਦਾਕਾਰ ਬਣਨ ਦਾ ਸ਼ਰਫ਼ ਹਾਸਿਲ ਕੀਤਾ।

ਅਦਾਕਾਰਾ ਨਿਸ਼ੀ ਤੋਂ ਬਾਅਦ ਮਿਹਰ ਮਿੱਤਲ ਹੀ ਪੰਜਾਬੀ ਫ਼ਿਲਮਾਂ ਦੇ ਵਾਹਿਦ ਫ਼ਨਕਾਰ ਸਨ ਜਿਨ੍ਹਾਂ ਨੂੰ 136ਵੀਂ ਦਾਦਾ ਸਾਹੇਬ ਫਾਲਕੇ ਜਯੰਤੀ ਮੌਕੇ ‘ਦਾਦਾ ਸਾਹੇਬ ਫਾਲਕੇ ਅਕਾਦਮੀ ਐਵਾਰਡ’ ਨਾਲ ਸਰਫ਼ਰਾਜ਼ ਕੀਤਾ ਗਿਆ ਸੀ।ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਸਟੇਟ ਐਵਾਰਡ ਵੀ ਮਿਲਿਆ।ਮਿਹਰ ਮਿੱਤਲ ਉਰਫ਼ ਮਿਹਰ ਚੰਦ ਮਿੱਤਲ ਦੀ ਪੈਦਾਇਸ਼ 20 ਸਤੰਬਰ 1934 ਨੂੰ ਜ਼ਿਲ੍ਹਾ ਬਠਿੰਡਾ ਦੇ ਗਰਾਂ ਚੁੱਘਾ ਖੁਰਦ ਦੇ ਪੰਜਾਬੀ ਬਾਣੀਆ ਪਰਿਵਾਰ ‘ਚ ਹੋਈ।ਉਹ ਬੀਏਐੱਲਐੱਲਬੀ ਸਨ। ਉਹ 6 ਸਾਲ ਇਨਕਮ ਟੈਕਸ ਦੇ ਵਕੀਲ ਰਹੇ ਅਤੇ 3 ਸਾਲ ਬਤੌਰ ਅਧਿਆਪਕ ਪੜ੍ਹਾਇਆ ਵੀ।ਇਸ ਤੋਂ ਇਲਾਵਾ ਉਨ੍ਹਾਂ ਨੇ ਰਾਮਲੀਲਾ ਵਿੱਚ ਅਦਾਕਾਰੀ ਕਰਨ ਦੇ ਨਾਲ-ਨਾਲ ਚੰਡੀਗੜ੍ਹ ਦੇ ਡਰਾਮਾ ਵਿਭਾਗ ਵਿੱਚ ਵੀ ਕੰਮ ਕੀਤਾ ਸੀ।

ਮਿਹਰ ਮਿੱਤਲ ਤੇ ਪਤਨੀ ਸੁਦੇਸ਼ ਮਿੱਤਲ (ਮਰਹੂਮਾ) ਦੀਆਂ ਚਾਰ ਧੀਆਂ ਮੋਨਾ, ਹਿਨਾ, ਵੀਨਾ ਅਤੇ ਸੀਮਾ ਤੋਂ ਇਲਾਵਾ 2 ਪੁੱਤਰ ਸਨ, ਜਿਨ੍ਹਾਂ ਦੀ ਜਨਮ ਦੇ ਚੰਦ ਦਿਨਾਂ ਬਾਅਦ ਮੌਤ ਹੋ ਗਈ ਸੀ।ਮਿਹਰ ਮਿੱਤਲ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਆਪਣੀ ਫ਼ਿਲਮੀ ਜ਼ਿੰਦਗੀ ਦੇ ਕਈ ਕਿੱਸੇ ਸਾਂਝੇ ਕੀਤੇ।’ਡਿਸਟ੍ਰੀਬਿਊਟਰ ਨਾਂਹ ਕਰ ਦਿੰਦੇ ਸਨ’ਮਿਹਰ ਮਿੱਤਲ ਨੇ ਇੰਟਰਵਿਊ ਵਿੱਚ ਦੱਸਿਆ, “ਵਰਿੰਦਰ ਨਾਲ ਮੈਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਹ ਮੇਰੇ ਤੋਂ ਜ਼ਿਆਦਾ ਡਾ. ਸੁਰਿੰਦਰ ਸ਼ਰਮਾ ਦੀ ਕਾਮੇਡੀ ਨੂੰ ਪਸੰਦ ਕਰਦਾ ਸੀ।””ਜਦੋਂ ਵਰਿੰਦਰ ਨੇ ਪੰਜਾਬੀ ਫ਼ਿਲਮ ‘ਯਾਰੀ ਜੱਟ ਦੀ’ ਬਣਾਈ ਤਾਂ ਉਨ੍ਹਾਂ ਮੇਰੀ ਜਗ੍ਹਾ ਡਾ. ਸੁਰਿੰਦਰ ਸ਼ਰਮਾ ਨੂੰ ਲੈ ਕੇ ਫ਼ਿਲਮ ਪੂਰੀ ਕਰ ਲਈ।”

“ਫ਼ਿਲਮ ਮੁਕੰਮਲ ਹੋਣ ਤੋਂ ਬਾਅਦ ਜਦੋਂ ਡਿਸਟ੍ਰੀਬਿਊਟਰ ਕੋਲ ਗਈ ਤਾਂ ਉਨ੍ਹਾਂ ਆਖਿਆ ਕਿ ਫ਼ਿਲਮ ‘ਚ ਮਿਹਰ ਮਿੱਤਲ ਹੈ ਤਾਂ ਉਨ੍ਹਾਂ ਫ਼ਿਲਮ ਲੈਣ ਤੋਂ ਇਨਕਾਰ ਕਰ ਦਿੱਤਾ।””ਓੜਕ ਵਰਿੰਦਰ ਨੂੰ ਮਜਬੂਰਨ ਮੈਨੂੰ ਲੈ ਕੇ ਦੁਬਾਰਾ ਸ਼ੂਟਿੰਗ ਕਰਨੀ ਪਈ ਤੇ ਇਹ ਫ਼ਿਲਮ ਜ਼ਬਰਦਸਤ ਹਿੱਟ ਹੋਈ।”ਮਿਹਰ ਮਿੱਤਲ ਨੇ ਅੱਗੇ ਕਿਹਾ, “ਇੰਝ ਹੀ ਜਦੋਂ ਜੇ. ਓਮ ਪ੍ਰਕਾਸ਼ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦੀ ਪਹਿਲੀ ਪੰਜਾਬੀ ਫ਼ਿਲਮ ‘ਆਸਰਾ ਪਿਆਰ’ (1983) ਬਣਾਈ ਤਾਂ ਉਨ੍ਹਾਂ ਨੇ ਵੀ ਮੈਨੂੰ ਨਹੀਂ ਲਿਆ ਜਦੋਂ ਫ਼ਿਲਮ ਡਿਸਟ੍ਰੀਬਿਊਟਰਾਂ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਫ਼ਿਲਮ ਲੈਣ ਤੋਂ ਇਨਕਾਰ ਕਰ ਦਿੱਤਾ। ਅਖ਼ੀਰ ਮੈਨੂੰ ਲੈ ਕੇ ਉਨ੍ਹਾਂ ਦੁਬਾਰਾ ਸ਼ੂਟਿੰਗ ਕੀਤੀ ਤੇ ਫ਼ਿਲਮ-ਮੱਦਾਹਾਂ ਨੇ ਪਸੰਦ ਵੀ ਕੀਤੀ।”1935 ਤੋਂ ਲੈ ਕੇ 2022 ਤੱਕ ਅਨੇਕਾਂ ਕਾਮੇਡੀ ਅਦਾਕਾਰ ਪੰਜਾਬੀ ਸਿਨੇ ਇਤਿਹਾਸ ਦਾ ਹਿੱਸਾ ਬਣੇ ਤੇ ਉਨ੍ਹਾਂ ਨੇ ਆਪਣੇ ਵਕਤ ‘ਚ ਬੜਾ ਆਹਲਾ ਕੰਮ ਵੀ ਕੀਤਾ ਪਰ ਮਿਹਰ ਮਿੱਤਲ ਅਜਿਹੇ ਪਹਿਲੇ ਕੀਮੇਡੀਅਨ ਸਨ, ਜਿਨ੍ਹਾਂ ਦਾ ਸਟਾਰ ਕਾਸਟਿੰਗ ‘ਚ ਨਾਮ ਨਾਲ ‘ਕਾਮੇਡੀ ਕਿੰਗ’ ਲਿਖਿਆ ਹੁੰਦਾ ਸੀ।ਬੇਸ਼ੱਕ ਉਨ੍ਹਾਂ ‘ਤੇ ਦੋ-ਅਰਥੀ ਸੰਵਾਦ ਅਦਾਇਗੀ ਦੇ ਇਲਜ਼ਾਮ ਵੀ ਲੱਗਦੇ ਰਹੇ ਪਰ ਮਿੱਤਲ ਦਾ ਇਹ ਫ਼ਨ ਹੀ ਸੀ ਕਿ ਉਨ੍ਹਾਂ ਦੇ ਫ਼ਿਲਮ ਸਕਰੀਨ ‘ਤੇ ਆਉਂਦਿਆਂ ਹੀ ਤੇ ਬਿਨ੍ਹਾਂ ਕੁੱਝ ਬੋਲਿਆਂ ਹੀ ਦਰਸ਼ਕ ਹੱਸ-ਹੱਸ ਦੂਹਰੇ ਹੋ ਜਾਂਦੇ ਸਨ।ਨੈਸ਼ਨਲ ਐਵਾਰਡ ਅਦਾਕਾਰ ਵਿਜੈ ਟੰਡਨ ਨੇ ਦੱਸਿਆ ਕਿ 1966 ਤੋਂ ਲੈ ਕੇ 2016 ਤੱਕ ਕਾਮੇਡੀ ਕਿੰਗ ਮਿਹਰ ਮਿੱਤਲ ਨਾਲ ਮੇਰਾ 50 ਸਾਲਾ ਦੋਸਤਾਨਾ ਰਿਸ਼ਤਾ ਰਿਹਾ ਹੈ।ਉਹ ਜ਼ਾਤੀ ਜ਼ਿੰਦਗ਼ੀ ਵਿੱਚ ਬੜੇ ਨੇਕ ਇਨਸਾਨ ਸਨ ਤੇ ਬੁਰੀਆਂ ਅਲਾਮਤਾਂ ਤੋਂ ਕੋਹਾਂ ਦੂਰ ਸਨ।

ਉਹ ਮੇਰਾ ਦੋਸਤ ਵੀ ਸੀ ਤੇ ਮੇਰਾ ਪਿਓ ਵੀ, ਭਰਾ ਵੀ ਅਤੇ ਇੱਕ ਚੰਗਾ ਦੋਸਤ ਵੀ। ਅਸੀਂ ਇਕੱਠਿਆਂ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ ਹੈ ਅਤੇ ਕਈ ਵਿਦੇਸ਼ੀ ਸਟੇਜ ਸ਼ੋਅ ਵੀ ਪਰ ਮਿਹਰ ਮਿੱਤਲ ਤਾਂ ਮਿਹਰ ਮਿੱਤਲ ਸੀ ।ਪੰਜਾਬੀ ਫ਼ਿਲਮਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਮਿਹਰ ਮਿੱਤਲ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਵਕਤ ਬ੍ਰਹਮਕੁਮਾਰੀ ਰਾਜਯੋਗ ਸੈਂਟਰ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰਿਆ ਵਿਸ਼ਵ-ਵਿਦਿਆਲਿਆ ਮਾਊਂਟ ਆਬੂ (ਰਾਜਸਥਾਨ) ਵਿਖੇ ਧਾਰਮਿਕ ਪ੍ਰਚਾਰ ਦੇ ਲੇਖੇ ਲਾਇਆ।ਉਨ੍ਹਾਂ ਉੱਥੇ ਹੀ ਸਪੁਰਦ-ਏ-ਆਤਿਸ਼ ਹੋਣ ਦੀ ਇੱਛਾ ਪ੍ਰਗਟਾਈ ਸੀ। 22 ਅਕਤੂਬਰ 2016 ਨੂੰ 82 ਸਾਲਾਂ ਦੀ ਉਮਰੇ ਉਹ ਮਾਊਂਟ ਆਬੂ, ਰਾਜਸਥਾਨ ਵਿਖੇ ਉਨ੍ਹਾਂ ਦੀ ਮੌਤ ਹੋ ਗਈ।