ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਹਾਈ ਕਮਾਨ ਕੋਲ ਪੰਜਾਬ ਅਤੇ ਸੂਬਾਈ ਕਾਂਗਰਸ ਨਾਲ ਸਬੰਧਤ ਮੁੱਦੇ ਉਠਾਏ। ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਹੈ ਕਿ ਉਹ ਪੰਜਾਬ ਤੇ ਪੰਜਾਬ ਕਾਂਗਰਸ ਦੇ ਹਿੱਤਾਂ ਵਿੱਚ ਫੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਕਾਂਗਰਸ ਹਾਈ ਕਮਾਨ ਦੇ ਹੁਕਮਾਂ ਨੂੰ ਮੰਨਦੇ ਆਏ ਹਨ।

ਉਨ੍ਹਾਂ ਨੇ ਪਾਰਟੀ ਹੈੱਡਕੁਆਰਟਰ ’ਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਤੇ ਜਥੇਬੰਦੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਸ੍ਰੀ ਸਿੱਧੂ ਸ਼ਾਮ 6.30 ’ਤੇ ਇਥੇ ਕਾਂਗਰਸ ਹੈੱਡਕੁਆਰਟਰ ’ਤੇ ਪਹੁੰਚੇ ਸਨ।

ਪੰਜਾਬ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੂੰ ਹੁਕਮ ਦਿੱਤੇ ਹਨ ਕਿ ਉਹ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ।

ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਭਰੋਸਾ ਦਿੱਤਾ ਹੈ ਕਿ ਉਹ ਕਾਂਗਰਸ ਹਾਈ ਕਮਾਨ ਦੀ ਹਰ ਗੱਲ ਨੂੰ ਮੰਨਣਗੇ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਅੱਜ ਦਿੱਲੀ ਵਿੱਚ ਪਾਰਟੀ ਹਾਈ ਕਮਾਨ ਨੂੰ ਮਿਲੇ ਹਨ। ਸ੍ਰੀ ਰਾਵਤ ਨੇ ਕਿਹਾ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਇਸ ਲਈ ਥਾਪਿਆ ਗਿਆ ਹੈ ਤਾਂ ਕਿ ਸੂਬੇ ਵਿੱਚ ਕਾਂਗਰਸ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਣ।