ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ‘ਚ ਚੱਲ ਰਹੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ‘ਤੇਰੀ ਮਾਂ ਨੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਆਸਟਰੇਲੀਆ ਟੂਰ ‘ਤੇ ਹਨ। ਇੰਦਰਜੀਤ ਨਿੱਕੂ ਆਸਟਰੇਲੀਆ ‘ਚ ਲਾਈਵ ਸ਼ੋਅ ਕਰਨ ਗਏ ਹਨ, ਜਿਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਚਾਹੁਣ ਵਾਲਿਆਂ ਨਾਲ ਸ਼ੇਅਰ ਕਰ ਰਿਹਾ ਹੈ।

ਦੱਸ ਦਈਏ ਕਿ ਹੁਣ ਇੰਦਰਜੀਤ ਨਿੱਕੂ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਸਟਰੇਲੀਆ ਦੀਆਂ ਸੜਕਾਂ ‘ਤੇ ਅੱਧੀ ਰਾਤ ਗੇੜੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਫ਼ੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇੰਦਰਜੀਤ ਨਿੱਕੂ ਨੇ ਬਾਈਕ ‘ਤੇ ਗੇੜੀਆਂ ਲਾਉਂਦੇ ਰੀਲ ਵੀ ਬਣਾਈ ਹੈ। ਬੈਕਗਰਾਊਂਡ ‘ਚ ਉਨ੍ਹਾਂ ਦਾ ਗੀਤ ‘ਤੇਰੀ ਮਾਂ ਨੇ’ ਚੱਲਦਾ ਸੁਣਿਆ ਜਾ ਸਕਦਾ ਹੈ। ਵੀਡੀਓ ‘ਚ ਉਨ੍ਹਾਂ ਦੇ ਨਾਲ ਹੋਰ ਲੋਕ ਵੀ ਬਾਇਕ ‘ਤੇ ਸਵਾਰ ਨਜ਼ਰ ਆ ਰਹੇ ਹਨ।

ਹਾਲ ਹੀ ‘ਚ ਇੰਦਰਜੀਤ ਨਿੱਕੂ ਦਾ ਬਾਬੇ ਦੇ ਦਰਬਾਰ ਤੋਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਕਾਰਨ ਉਹ ਕਾਫ਼ੀ ਸੁਰਖੀਆਂ ‘ਚ ਬਣੇ ਰਹੇ। ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਹਾਲ ਹੀ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਨਜ਼ਰ ਆਏ ਸਨ। ਇੱਥੇ ਉਨ੍ਹਾਂ ਨੇ ਬਾਬੇ ਦਰਬਾਰ ਜਾਣ ਦੀ ਪੂਰੀ ਕਹਾਣੀ ਦੱਸੀ ਸੀ। ਉਹ ਆਪਣੀ ਕਹਾਣੀ ਦੱਸਦਿਆਂ ਕਾਫ਼ੀ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬੀਆਂ ਦੇ ਸਪੋਰਟ ਸਦਕਾ ਹੀ ਉਹ ਡਿੱਗ ਕੇ ਦੁਬਾਰਾ ਉੱਠੇ ਹਨ। ਉਹ ਪੰਜਾਬ ਦੀ ਜਨਤਾ ਤੇ ਇੰਡਸਟਰੀ ਦੇ ਉਨ੍ਹਾਂ ਦੇ ਦੋਸਤਾਂ ਦਾ ਅਹਿਸਾਨ ਕਦੇ ਨਹੀਂ ਭੁੱਲਣਗੇ।