ਪੰਜਾਬ ਤੋਂ ਆਏ ਦੋ ਨੌਜਵਾਨ ਸਰੀ ਦੇ ਨਜ਼ਦੀਕੀ ਸ਼ਹਿਰ ਮੈਪਲ ਰਿੱਜ ਦੀ ਗੋਲ਼ਡ ਕਰੀਕ ਦੇ ਕੰਢੇ, ਤੇਜ਼ ਵਹਾਅ ਕੋਲ ਉੱਤਰ ਤਾਂ ਗਏ ਪਰ ਮੁੜਕੇ ਚਾਰ ਘੰਟੇ ਉੱਥੇ ਫਸੇ ਰਹੇ, ਨਿਕਲ ਨਹੀਂ ਸੀ ਹੋ ਰਿਹਾ। ਆਵਾਜ਼ਾਂ ਸੁਣ ਕੇ ਹੋਰ ਪੰਜਾਬੀ ਨੌਜਵਾਨਾਂ ਨੇ ਦਸਤਾਰਾਂ ਤੇ ਹੋਰ ਕੱਪੜਿਆਂ ਨੂੰ ਗੱਠਾਂ ਦੇ ਕੇ ਮਸਾਂ ਬਾਹਰ ਕੱਢੇ।
ਬੀਸੀ ਦੇ ਅੰਦਰੂਨੀ ਸ਼ਹਿਰ ਮੇਰਟ ਵਿਖੇ ਟਿਮ ਹੌਰਟਨ ‘ਤੇ ਚਾਹ ਪੀ ਰਹੇ ਹਾਂ। ਇੱਕ ਗੋਰੀ ਆਈ, ਆਣ ਕੇ ਸਾਡੇ ਤਿੰਨਾਂ ਦੀ ਪਿੱਠ ਥਾਪੜੀ, ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਪੱਗ ਵਾਲਿਆਂ ਨੇ ਓਦਣ ਪੱਗ ਲਾਹ ਕੇ ਦੋ ਜਣਿਆਂ ਦੀ ਜਾਨ ਬਚਾਈ।
ਉਹ ਮੈਪਲ ਰਿੱਜ ਕੋਲ ਫਸੇ ਉਨ੍ਹਾਂ ਦੋ ਜਣਿਆਂ ਦੀ ਗੱਲ ਕਰ ਰਹੀ ਸੀ, ਜਿਨ੍ਹਾਂ ਨੂੰ ਬੀਤੇ ਦਿਨੀਂ ਸਿੱਖ ਨੌਜਵਾਨਾਂ ਨੇ ਪੱਗ ਅਤੇ ਕੱਪੜੇ ਹੇਠਾਂ ਲਮਕਾ ਕੇ ਬਚਾਇਆ ਸੀ। ਜਦ ਉਹ ਧੰਨਵਾਦ ਕਰ ਰਹੀ ਸੀ ਤਾਂ ਮੋੜਵੇਂ ਸ਼ਬਦ ਨਹੀਂ ਸੀ ਅਹੁੜ ਰਹੇ।
ਧੰਨ ਸਿੱਖੀ, ਜਿਸਨੂੰ ਬਦਨਾਮ ਕਰਨ ਲਈ ਕਈਆਂ ਦਾ ਬਹੁਤ ਜ਼ੋਰ ਲੱਗਾ ਹੋਇਆ ਪਰ ਆਮ ਲੋਕ ਇਸਨੂੰ ਕਿਸ ਤਰਾਂ ਸਮਝਦੇ ਹਨ, ਅਪਣੱਤ ਦਿਖਾਉਂਦੇ ਹਨ, ਇੱਕ ਵਾਰ ਫਿਰ ਚੰਗਾ ਅਹਿਸਾਸ ਹੋਇਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ