ਰੈਪਰ ਸੰਨੀ ਮਾਲਟਨ ਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਦੋਸਤੀ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਇਹ ਦੋਵੇਂ ਬੈਸਟ ਫਰੈਂਡ ਸਨ। ਸੰਨੀ ਮਾਲਟਨ ਅਕਸਰ ਹੀ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ। ਉਹ ਅਕਸਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਰਹਿੰਦਾ ਹੈ। ਇੰਨੀਂ ਦਿਨੀਂ ਸੰਨੀ ਮਾਲਟਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋਂਦਾ ਨਜ਼ਰ ਆ ਰਿਹਾ ਹੈ।

ਦਰਅਸਲ, ਸੰਨੀ ਮਾਲਟਨ ਤੋਂ ਇੱਕ ਇੰਟਰਵਿਊ ਦੌਰਾਨ ਜਦੋਂ ਐਂਕਰ ਨੇ ਉਸ ਨੂੰ ਮੂਸੇਵਾਲਾ ਬਾਰੇ ਸਵਾਲ ਪੁੱਛਿਆ ਤਾਂ ਉਹ ਚੱਲਦੇ ਇੰਟਰਵਿਊ ‘ਚ ਹੀ ਬੁਰੀ ਤਰ੍ਹਾਂ ਰੋਣ ਲੱਗ ਗਿਆ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਦਾ ਇੱਕ ਛੋਟੀ ਜਿਹੀ ਵੀਡੀਓ ਸੰਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ ‘ਤੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਉਸ ਨੇ ਪੋਸਟ ‘ਚ ਕਿਹਾ, ‘ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨ੍ਹਾਂ ਪਿਆਰ ਦਿੱਤਾ। ਇਹ ਇੰਟਰਵਿਊ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੂੰਗੀ। ਉਨ੍ਹਾਂ ਸਭ ਦਾ ਵੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣਾ ਦਰਦ ਸਭ ਦੇ ਸਾਹਮਣੇ ਬਿਆਨ ਕਰਨ ਦੀ ਹਿੰਮਤ ਦਿੱਤੀ। ਤੁਹਾਡੇ ਸਭ ਦਾ ਸ਼ੁਕਰੀਆ ਕਿ ਤੁਸੀਂ ਸਭ ਨੇ ਮੇਰੇ ਦਰਦ ਨੂੰ ਆਪਣਾ ਦਰਦ ਬਣਾਇਆ। ਤੁਸੀਂ ਸਭ ਨੇ ਮੈਨੂੰ 16 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਅੱਜ ਦੇ ਦਿਨ ਤੱਕ ਦੇਖਿਆ ਹੈ। ਤੁਹਾਨੂੰ ਸਭ ਨੂੰ ਪਿਆਰ। ਮਾਲਟਨ ਤੋਂ ਮੂਸਾ, ਇਹ ਕਹਾਣੀ ਹਮੇਸ਼ਾ ਤਾਜ਼ੀ ਰਹੇਗੀ, ਸਾਡੇ ਦੋਵਾਂ ਦੇ ਫੈਨਜ਼ ਦੀ ਬਦੌਲਤ। ਅਸੀਂ ਤੈਨੂੰ ਬਹੁਤ ਯਾਦ ਕਰਦੇ ਹਾਂ ਲੈਜੇਂਡ।’

ਦੱਸਣਯੋਗ ਹੈ ਕਿ ਸੰਨੀ ਮਾਲਟਨ ਤੇ ਮੂਸੇਵਾਲਾ ਨੇ ਇਕੱਠੇ ਕਈ ਗੀਤ ਗਾਏ ਸਨ। ਮਾਲਟਨ ਨਾਲ ਮੂਸੇਵਾਲਾ ਦਾ ਆਖ਼ਰੀ ਗੀਤ ‘ਲੈਵਲਜ਼’ ਸੀ। ਇਹ ਗੀਤ ਹੁਣ ਤੱਕ ਦਰਸ਼ਕਾਂ ਤੇ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।