ਸਕਾਟਲੈਂਡ ਦੇ ਸਭ ਤੋਂ ਭੀੜ ਵਾਲ ਮੋਟਰਵੇਅ ਐੱਮ-8 ਦੇ ਜੰਕਸ਼ਨ 31 ਨੇੜੇ ਬਿਸ਼ਪਟਨ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਪੰਜਾਬੀ ਮੂਲ ਦੇ ਨੌਜਵਾਨ ਮਨਵੀਰ ਬਿਨਿੰਗ (27) ਅਤੇ ਉਸ ਦੇ ਦੋ ਹੋਰ ਸਾਥੀਆਂ ਡੇਵਿਡ ਪੇਟਿਨ (27) ਤੇ ਮਾਰਕ ਡੋਵਨੀ (31) ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਹਾਦਸਾਗ੍ਰਸਤ ਹੋਏ ਪੰਜ ਹੋਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ | ਹਾਦਸੇ ‘ਚ ਮਾਰਿਆ ਗਿਆ ਮਨਵੀਰ ਬਿਨਿੰਗ ਸੈਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸਕੱਤਰ ਨਿਰੰਜਨ ਸਿੰਘ ਬਿਨਿੰਗ ਦਾ ਪੋਤਾ ਹੈ |

ਸਕਾਟਲੈਂਡ ਵਿੱਚ ਐਤਵਾਰ ਨੂੰ ਮੋਟਰਵੇਅ 8 (ਐੱਮ 8) ‘ਤੇ ਵਾਪਰੇ ਕਾਰ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਸਕਾਟਲੈਂਡ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਰੇਨਫਰਿਊਸ਼ਾਇਰ ਵਿੱਚ ਜੰਕਸ਼ਨ 31 ਦੇ ਨੇੜੇ ਐਤਵਾਰ ਸਵੇਰੇ ਕਰੀਬ 5.05 ਵਜੇ ਵਾਪਰਿਆ।ਇਸ ਹਾਦਸੇ ਵਿੱਚ ਇੱਕ ਨੀਲੀ ਆਡੀ ਕਿਊ 7 ਦੁਰਘਟਨਾ ਗ੍ਰਸਤ ਹੋਈ। ਹਾਦਸੇ ਉਪਰੰਤ ਐਮਰਜੈਂਸੀ ਸੇਵਾਵਾਂ ਨੇ ਕਾਰਵਾਈ ਕਰਦਿਆਂ 27 ਸਾਲ ਦੀ ਉਮਰ ਦੇ ਦੋ ਅਤੇ 31 ਸਾਲ ਦੇ ਇੱਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨਿਆ ਗਿਆ। ਇਹਨਾਂ ਮ੍ਰਿਤਕਾਂ ਦੀ ਪਛਾਣ ਮਨਵੀਰ ਸਿੰਘ ਬਿਨਿੰਗ, ਡੇਵਿਡ ਪੇਟਨ ਤੇ ਮਾਰਕ ਡਾਊਨੀ ਵਜੋਂ ਨਸ਼ਰ ਕੀਤੀ ਗਈ ਹੈ।

ਇਸਦੇ ਇਲਾਵਾ ਪੰਜ ਹੋਰ ਆਦਮੀਆਂ ਨੂੰ ਗੰਭੀਰ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਇੱਕ 35 ਸਾਲਾ ਵਿਅਕਤੀ ਨੂੰ ਸੜਕੀ ਆਵਾਜਾਈ ਉਲੰਘਣਾ ਦੇ ਅਪਰਾਧਾਂ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕਾਟਲੈਂਡ ਪੁਲਸ ਨੇ ਇਸ ਟੱਕਰ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਲੋਕਾਂ ਕੋਲੋਂ ਜ਼ਿਆਦਾ ਜਾਣਕਾਰੀ ਲਈ ਅਪੀਲ ਕੀਤੀ ਹੈ। ਸਕਾਟਲੈਂਡ ਪੁਲਸ ਦੀ ਰੋਡ ਪੁਲਿਸਿੰਗ ਯੂਨਿਟ ਦੇ ਅਧਿਕਾਰੀਆਂ ਨੇ ਇਸ ਹਾਦਸੇ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਇਸ ਸਬੰਧੀ ਕੀਤੀ ਜਾ ਰਹੀ ਪੁੱਛਗਿੱਛ ਬਾਰੇ ਦੱਸਿਆ।