ਔਕਲੈਂਡ 24 ਅਕਤੂਬਰ, 2021-ਹਰਜਿੰਦਰ ਸਿੰਘ ਬਸਿਆਲਾ-:-ਬੱਚੇ ਕੱਲ੍ਹ ਦਾ ਭਵਿੱਖ ਕਹੇ ਜਾਂਦੇ ਹਨ ਅਤੇ ਮਾਪਿਆਂ ਦੇ ਲਈ ਧੀਅ ਕਦੋਂ ਵੱਡੀ ਹੋ ਕੇ ਆਪਣੀ ਮਿਹਨਤ ਲਗਨ ਦੇ ਨਾਲ ਉਚ ਪੜ੍ਹਾਈ ਵੀ ਕਰ ਗਈ ਪਤਾ ਹੀ ਨਹੀਂ ਲਗਦਾ। ਪਾਪਾਕੁਰਾ ਨਿਵਾਸੀ ਸ. ਦਲਬੀਰ ਸਿੰਘ ਧੀਰ-ਸ੍ਰੀਮਤੀ ਦਲਜੀਤ ਕੌਰ ਧੀ ਦੀ 24 ਸਾਲਾ ਧੀਅ ਅਮਨਦੀਪ ਧੀਰ ਅੱਜ ਔਕਲੈਂਡ ਹਾਈਕੋਰਟ ਵੱਲੋਂ ਕੀਤੇ ਗਏ ਵੀਡੀਓ ਕਾਨਫਰੰਸ ਸਹੁੰ ਚੁੱਕ ਸਮਾਗਮ ਵਿਚ ਸਹੁੰ ਚੁੱਕ ਕੇ ਰਸਮੀ ਬੈਰਿਸਟਰ ਅਤੇ ਸੋਲੀਸੀਟਰ ਬਣ ਗਈ ਹੈ। ਇਸ ਨੇ ਐਲ. ਐਲ. ਬੀ. ਦੀ ਪੜ੍ਹਾਈ ਔਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜ਼ੀ ਤੋਂ ਪੂਰੀ ਕਰਕੇ, ਇਸੇ ਸਾਲ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਸੀ। ਅੱਜ ਰਸਮੀ ਅਡਮਿਸ਼ਨ ਸੈਰੇਮਨੀ ਹਾਈ ਕੋਰਟ ਦੇ ਮਾਣਯੋਗ ਜੱਜ ਵੱਲੋਂ ਕੀਤੀ ਗਈ ਜੋ ਕਿ ਕਰੋਨਾ ਦੇ ਚਲਦਿਆਂ ਲੇਟ ਹੋ ਗਈ ਸੀ।
ਅੱਜ ਦੇ ਸਮਾਗਮ ਵਿਚ ਸ਼ਾਇਦ ਇਹ ਇਕੋ-ਇਕ ਪੰਜਾਬੀ ਕੁੜੀ ਸੀ। ਨਿਊਜ਼ੀਲੈਂਡ ਜਨਮੀ ਇਹ ਪੰਜਾਬੀ ਕੁੜੀ ਅਮਨਦੀਪ ਧੀਰ ਨੇ ਆਪਣੀ ਮੁੱਢਲੀ ਪੜ੍ਹਾਈ ਪਾਪਾਕੁਰਾ ਦੇ ਓਪਾਹੇਕੀ ਸਕੂਲ ਅਤੇ ਰੋਜ਼ਹਿਲ ਕਾਲਜ ਤੋਂ ਪੂਰੀ ਕੀਤੀ ਸੀ। ਕੁੜੀ ਪੂਰੀ ਤਰ੍ਹ੍ਹਾਂ ਜਿੱਥੇ ਪੰਜਾਬੀ ਬੋਲ ਲੈਂਦੀ ਹੈ, ਉਥੇ ਛੋਟੇ ਹੁੰਦਿਆਂ ਗੁਰਬਾਣੀ ਕੀਰਤਨ ਵੀ ਗੁਰਦੁਆਰਾ ਸਾਹਿਬ ਬੇਗਮਪੁਰਾ ਪਾਪਾਕੁਰਾ ਵਿਖੇ ਕਰਦੀ ਰਹੀ ਹੈ। ਕਮਿਊਨਿਟੀ ਦੇ ਕਾਰਜਾਂ ਵਿਚ ਵੀ ਇਸ ਕੁੜੀ ਦਾ ਕਾਫੀ ਯੋਗਦਾਨ ਰਹਿੰਦਾ ਹੈ ਅਤੇ ਇਸ ਵੇਲੇ ‘ਹੈਲਪਿੰਗ ਸਿੱਖ ਕਮਨਿਊਟੀ ਟ੍ਰਸਟ’ ਦੀ ਇਹ ਸਕੱਤਰ ਵੀ ਹੈ।
ਗੁਰਦੁਆਰਾ ਸਾਹਿਬ ਦੇ ਇਮੀਗ੍ਰੇਸ਼ਨ ਕਾਰਜਾਂ ਦੇ ਵਿਚ ਵੀ ਇਹ ਕੁੜੀ ਸਹਿਯੋਗ ਕਰਦੀ ਹੈ। ਇਸ ਵੇਲੇ ਫ੍ਰੈਂਕਲਿਨ ਲਾਅ ਕੰਪਨੀ ਪੁੱਕੀਕੋਹੀ ਦੇ ਵਿਚ ਉਹ ਕੰਮ ਕਰ ਰਹੀ ਹੈ। ਇਸ ਕੁੜੀ ਦਾ ਅਗਲਾ ਸੁਪਨਾ ਆਪਣੀ ਅਗਲੇਰੀ ਕਾਨੂੰਨੀ ਪੜ੍ਹਾਈ ਜਾਰੀ ਰੱਖ ਕੇ ਕਿਸੇ ਉਚ ਅਹੁਦੇ ਤੱਕ ਪਹੁੰਚਣਾ ਹੈ। ਇਸ ਦੀ ਵੱਡੀ ਭੈਣ ਕਿਰਨਦੀਪ ਧੀਰ ਨੇ ਵੀ ਨੈਚੁਰਲ ਪੈਥੀ ਅਤੇ ਲੀਗਲ ਐਗਜ਼ੈਗਟਿਵ ਦੀ ਪੜ੍ਹਾਈ ਕੀਤੀ ਹੋਈ ਹੈ। ਛੋਟਾ ਭਰਾ ਸੁੱਖਵਿੰਦਰ ਸਿੰਘ ਧੀਰ ਵੀ ਆਪਣੀ ਇਸ ਭੈਣ ਦੀ ਪ੍ਰਾਪਤ ਉਤੇ ਖੁਸ਼ ਹੈ। ਸੋ ਸਮੁੱਚੇ ਧੀਰ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਬੇਗਮਪੁਰਾ ਤੋਂ ਸ. ਰਾਮ ਲਾਲ ਸਿੰਘ, ਸਮੂਹ ਮੈਨੇਮੈਂਟ ਅਤੇ ਪੰਜਾਬੀ ਮੀਡੀਆ ਵੱਲੋਂ ਵਧਾਈ ਦਿੱਤੀ ਜਾਂਦੀ ਹੈ।