ਅੰਮ੍ਰਿਤਸਰ, 22 ਸਤੰਬਰ – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਸਿੱਧੂ ਦੇ ਕਰੀਬੀ ਦਮਨਦੀਪ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਹੈ | ਦਿਨੇਸ਼ ਬੱਸੀ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਯੁਕਤ ਕੀਤਾ ਗਿਆ ਸੀ |

ਦਮਨਦੀਪ ਸਿੰਘ ਉੱਪਲ ਨੂੰ ਦਿਨੇਸ਼ ਬੱਸੀ ਦੀ ਥਾਂ ‘ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰ ਬੱਸੀ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਗਿਆ। ਬੱਸੀ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕਥਿਤ ਤੌਰ ’ਤੇ ਚੰਗੇ ਸੰਬੰਧ ਨਹੀਂ ਹਨ। ਆਪਣੀ ਸ਼ਹਿਰ ਦੀ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੱਸੀ ਦੀ ਥਾਂ ਸਿੱਧੂ ਦੇ ਕਰੀਬੀ ਸਹਿਯੋਗੀ ਦਮਨਦੀਪ ਚੇਅਰਮੈਨ ਲਗਾ ਦਿੱਤਾ।

ਕੁੱਲ ਹਿੰਦ ਕਾਂਗਰਸ ਕਮੇਟੀ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਵਿਧਾਇਕ ਪਰਗਟ ਸਿੰਘ ਦੇ ਨਾਲ ਹੁਣ ਯੋਗੇਂਦਰ ਪਾਲ ਢੀਂਗਰਾ ਵੀ ਜਨਰਲ ਸਕੱਤਰ ਹੋਣਗੇ। ਇਸੇ ਤਰ੍ਹਾਂ ਗੁਲਜ਼ਾਰ ਇੰਦਰ ਚਾਹਿਲ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਹੈ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਦਿਨ ਭਰ ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਨੂੰ ਅੰਤਿਮ ਛੋਹਾਂ ਦੇਣ ਵੱਲ ਕਦਮ ਵਧਾਏ। ਮੰਤਰੀ ਮੰਡਲ ’ਚ ਫੇਰਬਦਲ ਕਿਸੇ ਵੇਲੇ ਵੀ ਸੰਭਵ ਹੈ ਕਿਉਂਕਿ ਪਾਰਟੀ ਹਾਈਕਮਾਨ ਇਹ ਮਾਮਲਾ ਹੁਣ ਬਹੁਤਾ ਲਮਕਾਉਣ ਦੇ ਰੌਂਅ ਵਿਚ ਨਹੀਂ ਹੈ। ਮੁੱਖ ਮੰਤਰੀ ਚੰਨੀ ਅੱਜ ਦੁਪਹਿਰ ਵੇਲੇ ਹੀ ਚੰਡੀਗੜ੍ਹ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਦੇ ਨਾਲ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ.ਸੋਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਵੀ ਮੌਜੂਦ ਰਹੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕੈਬਨਿਟ ਦੇ ਵਿਸਥਾਰ ਬਾਰੇ ਫੈਸਲਾ ਜਲਦੀ ਹੀ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਪਹਿਲਾਂ ਪਾਰਟੀ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਮੀਟਿੰਗ ਕੀਤੀ ਅਤੇ ਉਸ ਮਗਰੋਂ ਉਹ ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਮਿਲੇ। ਚਰਚੇ ਹਨ ਕਿ ਮੁੱਖ ਮੰਤਰੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕੀਤੀ ਗਈ ਹੈ, ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਮੁੱਖ ਮੰਤਰੀ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਫ਼ਸੀਲ ’ਚ ਚਰਚਾ ਕੀਤੀ। ਮੁੱਖ ਮੰਤਰੀ ਨੇ ਸਿਆਸੀ ਨਜ਼ਰੀਏ ਤੋਂ ਸਮੀਕਰਨਾਂ ਦੀ ਬੁਣਤ ਬੁਣੀ ਅਤੇ ਕੈਬਨਿਟ ’ਚ ਸਾਰੇ ਵਰਗਾਂ ਦਾ ਤਵਾਜ਼ਨ ਰੱਖਣ ਲਈ ਨਵੇਂ ਚਿਹਰਿਆਂ ਦਾ ਪੱਖ ਵੀ ਰੱਖਿਆ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਵਿਚ ਪੰਜਾਬ ਭਵਨ ’ਚ ਵਧੇਰਾ ਸਮਾਂ ਗੁਜ਼ਾਰਿਆ।

ਅਹਿਮ ਸੂਤਰਾਂ ਅਨੁਸਾਰ ਫਿਲਹਾਲ ਜਿਨ੍ਹਾਂ ਚਿਹਰਿਆਂ ਦੀ ਵਜ਼ਾਰਤ ਵਿਚ ਮੌਜੂਦਗੀ ਬਣੇ ਰਹਿਣ ਦੀ ਸੰਭਾਵਨਾ ਹੈ, ਉਨ੍ਹਾਂ ’ਚ ਮਨਪ੍ਰੀਤ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਆਦਿ ਸ਼ਾਮਲ ਹਨ। ਸੂਤਰ ਦੱਸਦੇ ਹਨ ਕਿ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਸੋਢੀ ’ਤੇ ਛਾਂਟੀ ਦੀ ਤਲਵਾਰ ਲਟਕੀ ਹੋਈ ਹੈ ਜਦੋਂ ਕਿ ਸੁੰਦਰ ਸ਼ਾਮ ਅਰੋੜਾ, ਵਿਜੈ ਇੰਦਰ ਸਿੰਗਲਾ ਤੇ ਭਾਰਤ ਭੂਸ਼ਨ ਆਸ਼ੂ ’ਚੋਂ ਵੀ ਕੋਈ ਇੱਕ ਚਿਹਰਾ ਆਊਟ ਹੋ ਸਕਦਾ ਹੈ।

ਸੂਤਰਾਂ ਅਨੁਸਾਰ ਨਵੀਂ ਵਜ਼ਾਰਤ ਵਿਚ ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਵਜ਼ੀਰੀ ਮਿਲਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਰਾਜਾ ਵੜਿੰਗ ਤੇ ਨਵਤੇਜ ਚੀਮਾ ਦੇ ਨਾਮ ਵੀ ਚਰਚਾ ਵਿਚ ਹਨ। ਪਤਾ ਲੱਗਾ ਹੈ ਕਿ ਹਾਈਕਮਾਨ ਵੱਲੋਂ ਪ੍ਰਸ਼ਾਂਤ ਕਿਸ਼ੋਰ ਤੋਂ ਲਈ ਫੀਡ ਬੈਕ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਦੋਆਬੇ ’ਚੋਂ ਵਿਧਾਇਕ ਬਲਵਿੰਦਰ ਸਿੰਘ ਦੇ ਚਰਚੇ ਵੀ ਸ਼ੁਰੂ ਹੋ ਗਏ ਹਨ। ਕਾਂਗਰਸੀ ਆਗੂ ਅੰਬਿਕਾ ਸੋਨੀ ਦੀ ਭੂਮਿਕਾ ਇਸ ਵਿਸਥਾਰ ਵਿਚ ਅਹਿਮ ਰਹੇਗੀ।

ਨਵੇਂ ਮੰਤਰੀ ਮੰਡਲ ਵਿਚ ਅਮਰਿੰਦਰ ਧੜੇ ਦੀ ਨੁਮਾਇੰਦਗੀ ਘਟੇਗੀ ਜਦੋਂ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨੇੜਲਿਆਂ ਦੀ ਪ੍ਰਤੀਨਿਧਤਾ ਵਧੇਗੀ। ਸੂਤਰ ਆਖਦੇ ਹਨ ਕਿ ਕੋਈ ਵੱਡਾ ਅੜਿੱਕਾ ਨਾ ਪਿਆ ਤਾਂ ਜਲਦ ਮੰਤਰੀ ਮੰਡਲ ਦੇ ਨਵੇਂ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ।