ਲਗਭਗ 11 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਇਸ ਦੌਰਾਨ ਅੱਜ ਸਿੰਘੂ ਸਰਹੱਦ ’ਤੇ ਕਾਫੀ ਹੰਗਾਮਾ ਹੋਇਆ। ਹਿੰਦ ਮਜ਼ਦੂਰ ਕਿਸਾਨ ਸੰਮਤੀ ਦੇ ਕਾਰਕੁਨ ਸਿੰਘੂ ਬਾਰਡਰ ‘ਤੇ ਪੁੱਜੇ ਅਤੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ। ਹੰਗਾਮਾ ਹੋਣ ’ਤੇ ਨਰੇਲਾ ਪੁਲੀਸ ਨੇ ਇਨ੍ਹਾਂ ਵਰਕਰਾਂ ’ਤੇ ਲਾਠੀਚਾਰਜ ਕੀਤਾ।

ਦਿੱਲੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਅੱਜ ਕੁਝ ਲੋਕਾਂ ਨੇ ਸਿੰਘੂ ਸਰਹੱਦ ਨੇੜੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਜਿੱਥੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਮੌਜੂਦ ਹਨ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ ‘ਤੇ ਪੁਲਿਸ ਅਧਿਕਾਰੀਆਂ ਵੱਲੋਂ ਹਲਕੀ ਤਾਕਤ ਦੀ ਵਰਤੋਂ ਕੀਤੀ ਗਈ ਹੈ।


ਹਿੰਦ ਮਜ਼ਦੂਰ ਕਿਸਾਨ ਸੰਮਤੀ ਦੇ ਕਾਰਕੁਨ ਹਾਲ ਹੀ ਵਿੱਚ ਨਿਹੰਗਾਂ ਵੱਲੋਂ ਲਖਬੀਰ ਸਿੰਘ ਦੇ ਕ ਤ ਲ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਿੰਘੂ ਸਰਹੱਦ ’ਤੇ ਪੁੱਜੇ ਸਨ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ।