ਗੁਰੂ ਨਾਨਕ ਦੇਵ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ, ਸਿੱਖ ਜਥੇਬੰਦੀਆਂ ਨੇ ਦਿੱਤਾ 48 ਘੰਟਿਆਂ ਦਾ ਸਮਾਂ

ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮਾਮਲਾ ਗਰਮਾ ਗਿਆ ਹੈ। ਰੋਹ ‘ਚ ਆਈਆਂ ਸਿੱਖ ਜਥੇਬੰਦੀਆਂ ਨੇ ਬੀਤੀ ਰਾਤ ਸਮਰਾਲਾ ਚੌਕ ‘ਚ ਰੋਡ ਜਾਮ ਕਰ ਦਿੱਤਾ। ਇਸ ਮਗਰੋਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪ੍ਰਸ਼ਾਸਨ ਨੇ 48 ਘੰਟੇ ਦਾ ਹੋਰ ਸਮਾਂ ਮੰਗਿਆ।

ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਹਿੰਦੂ ਲੀਡਰ ਅਨਿਲ ਅਰੋੜਾ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋ ਸਕੀ। ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਵੱਲੋਂ ਬੀਤੀ ਰਾਤ ਲੁਧਿਆਣਾ ਦੇ ਸਮਰਾਲਾ ਚੌਕ ਵਿਖੇ ਰੋਡ ਜਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ 48 ਘੰਟੇ ਦਾ ਹੋਰ ਸਮਾਂ ਮੰਗਿਆ ਹੈ।

ਜ਼ਿਕਰਯੋਗ ਹੈ ਕਿ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਵੱਲੋਂ ਸਮਰਾਲਾ ਚੌਕ ਨੂੰ ਪੂਰੇ ਤਰੀਕੇ ਨਾਲ ਜਾਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਕੋਲੋਂ 48 ਘੰਟੇ ਦਾ ਸਮਾਂ ਮੰਗਿਆ। ਇਨ੍ਹਾਂ 48 ਘੰਟਿਆਂ ਵਿੱਚ ਪੁਲਿਸ ਅਨਿਲ ਅਰੋੜਾ ਨੂੰ ਤਾਂ ਨਹੀਂ ਗ੍ਰਿਫ਼ਤਾਰ ਕਰ ਸਕੀ ਪਰ ਉਸ ਦੇ ਕੁਝ ਸਾਥੀਆਂ ਨੂੰ ਜ਼ਰੂਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਅਨਿਲ ਅਰੋੜਾ ਦੇ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ ਜਿਸ ਦੇ ਪੋਸਟਰ ਵੀ ਦੀਵਾਰਾਂ ‘ਤੇ ਲਗਾਏ ਗਏ ਹਨ।

ਪ੍ਰਦਰਸ਼ਨ ਕਰ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ 48 ਘੰਟੇ ਦਾ ਸਮਾਂ ਮੰਗਿਆ ਸੀ ਜੋ ਪੂਰਾ ਹੋ ਚੁੱਕਾ ਹੈ ਪਰ ਅਨਿਲ ਅਰੋੜਾ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਲੁਧਿਆਣਾ ਦੇ ਸਮਰਾਲਾ ਚੌਕ ‘ਚ ਰੋਡ ਨੂੰ ਜਾਮ ਕੀਤਾ ਗਿਆ ਪਰ ਪ੍ਰਸ਼ਾਸਨ ਨੇ 48 ਘੰਟੇ ਦਾ ਹੋਰ ਸਮਾਂ ਮੰਗਿਆ ਹੈ ਜੋ ਉਨ੍ਹਾਂ ਨੇ ਦੇ ਦਿੱਤਾ ਹੈ ਤੇ ਰੋਡ ਤੋਂ ਧਰਨਾ ਚੁੱਕ ਲਿਆ ਪਰ ਉਨ੍ਹਾਂ ਦਾ ਚੌਕ ਨਜ਼ਦੀਕ ਧਰਨਾ ਲਗਾਤਾਰ ਜਾਰੀ ਰਹੇਗਾ।