Navjot Sidhu ਖਿਲਾਫ ਕੈਪਟਨ ਵੱਲੋਂ ਮੋਰਚਾਬੰਦੀ ਦਾ ਐਲਾਨ, ‘CM ਬਣਨ ਤੋਂ ਰੋਕਣ ਲਈ ਕੁਰਬਾਨੀ ਦੇਣ ਨੂੰ ਤਿਆਰ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਦੇਸ਼ ਨੂੰ ਇਸ ‘ਖਤਰਨਾਕ’ ਵਿਅਕਤੀ ਤੋਂ ਬਚਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸਿੱਧੂ ਦੇ ਖ਼ਿਲਾਫ਼ ਕੋਈ ਤਕੜਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ ਤਾਂ ਕਿ ਸਿੱਧੂ ਦੀ ਹਾਰ ਨੂੰ ਯਕੀਨੀ ਬਣਾਇਆ ਜਾ ਸਕੇ। ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਨੇ ਦੁਹਰਾਇਆ ਕਿ ਨਵਜੋਤ ਸਿੱਧੂ ਦੇਸ਼ ਲਈ ਖਤਰਾ ਹੈ।

ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਤੋਂ ਅਹੁਦੇ ਵਾਪਸ ਲੈਣ ਤੋਂ ਬਾਅਦ ਹੁਣ ਪੀਆਰਟੀਸੀ ਦੀਆਂ ਬੱਸਾਂ ਤੋਂ ਉਨ੍ਹਾਂ ਦੀਆਂ ਫੋਟੋਆਂ ਵਾਲੇ ਸਰਕਾਰੀ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਆਦੇਸ ਦਿੱਤੇ ਗਏ ਹਨ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਪੀਆਰਟੀਸੀ ਦੇ ਡਾਇਰੈਕਟਰ ਨੂੰ ਭੇਜੇ ਪੱਤਰ ਵਿਪੱਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਲਈ ਬੇਨਤੀ ਹੈ ਕਿ ਪੀਆਰਟੀਸੀ ਦੀਆਂ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾਉਣ ਲਈ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਆਦੇਸ਼ ਦਿੱਤੇ ਜਾਣ।