ਅੱਜ ਵੀ ‘ਸਿਆਣੇ’ ਕਾਮਰੇਡ ਸਾਰੇ ਪੱਥਰ ਚੱਟ ਕੇ ਯੂਨੀਵਰਸਿਟੀਆਂ ਵਿੱਚ ਹੀ ਆਪਣੀ ਆਪਣੀ ਜ਼ਿੰਦਗੀ ਦੀ ਢਲਦੀ ਸ਼ਾਮ ਬਿਤਾਉਣਾ ਪਸੰਦ ਕਰਦੇ ਨੇ। ਸਾਰੀ ਉਮਰ ਸਿਸਟਮ ਅਤੇ ਸਰਕਾਰਾਂ ਖਿਲਾਫ ਫੈਸ਼ਨ ਦੇ ਤੌਰ ‘ਤੇ ਲਿਖਦੇ ਨੇ। ਫੇਰ ਜਦੋਂ ਥੱਕ ਜਾਂਦੇ ਨੇ ਤਾਂ ਉਸੇ ਸਿਸਟਮ ਅਤੇ ਸਰਕਾਰਾਂ ਤੋਂ ਮੋਟੀ ਤਨਖਾਹ ਲੈ ਕੇ ਉਸੇ ਸਿਸਟਮ ਅਤੇ ਸਰਕਾਰ ਦਾ ਖੁਸ਼ੀ ਖੁਸ਼ੀ ਹਿੱਸਾ ਬਣ ਜਾਂਦੇ ਨੇ। ਇਸ ਵਰਤਾਰੇ ਦਾ ਤਾਜ਼ਾ ਉਦਾਹਰਣ ਦਲਜੀਤ ਅਮੀ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਇਕ ਮਲਾਈਦਾਰ ਅਹੁਦੇ ‘ਤੇ ਪੈਰਾਸ਼ੂਟ ਐਂਟਰੀ ਕੀਤੀ ਹੈ।

ਇਕ ਪਾਸੇ ਨੌਜਵਾਨ ਕਾਮਰੇਡ ਹਰ ਰੋਜ਼ ਧਰਨੇ ਲਾ ਰਹੇ ਨੇ। ਲੰਮੀਆਂ ਲੰਮੀਆਂ ਸਪੀਚਾਂ ਦੇ ਰਹੇ ਨੇ। ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਘਾਟੇ ‘ਚ ਲੈਜਾ ਕੇ ਸਾਜਿਸ਼ ਤਹਿਤ ਬੰਦ ਕਰਨਾ ਚਾਹੁੰਦੀ ਹੈ।

ਦੂਜੇ ਪਾਸੇ ਦਲਜੀਤ ਅਮੀ ਵਰਗੇ ਤਜਰਬੇਕਾਰ ਕਾਮਰੇਡਾਂ ਨੂੰ ਪਤਾ ਹੈ ਕਿ ਸਰਕਾਰਾਂ ਯੂਨੀਵਰਸਿਟੀਆਂ ਬੰਦ ਕਰਨ ਦੀ ਮੂਰਖਤਾ ਕਦੇ ਨਹੀਂ ਕਰ ਸਕਦੀਆਂ। ਕਿਉਂ ਕਿ ਇਹ ਯੂਨੀਵਰਸਿਟੀਆਂ ਤਾਂ ਦਲਜੀਤ ਅਮੀ ਵਰਗੇ ਕਾਮੇ ਪੈਦਾ ਕਰਦੀਆਂ ਨੇ। ਜੋ ਕਾਮੇ ਲਹਿੰਦੀ ਉਮਰੇ ਸਰਕਾਰਾਂ ਦੀਆਂ ਸਾਰੀਆਂ ਗਲਤੀਆਂ ਮੁਆਫ਼ ਕਰਕੇ ਆਪ ਸਰਕਾਰ ਬਣ ਜਾਂਦੇ ਨੇ। ਤਾਂ ਕਿ ਨਵੇਂ ਕਾਮਰੇਡਾਂ ਨੂੰ ਸਰਕਾਰ ਦਾ ਹਿੱਸਾ ਬਣਨ ਦਾ ਸਬਕ ਦੇ ਸਕਣ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਐਜ਼ੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਐਮ.ਆਰ.ਸੀ.) ਵਿਖੇ ਨਵ-ਨਿਯੁਕਤ ਡਾਇਰੈਕਟਰ ਸ੍ਰੀ. ਦਲਜੀਤ ਅਮੀ ਵੱਲੋਂ ਆਪਣਾ ਅਹੁਦਾ ਸੰਭਾਲ਼ ਲਿਆ ਗਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਇਸ ਰਸਮ ਸਮੇਂ ਵਾਈਸ-ਚਾਂਸਲਰ ਡਾ. ਅਰਵਿੰਦ ਉਚੇਚੇ ਰੂਪ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਉਮੀਦ ਪ੍ਰਗਟਾਈ ਗਈ ਕਿ ਸ੍ਰੀ. ਦਲਜੀਤ ਅਮੀ ਦੀ ਯੋਗ ਅਗਵਾਈ ਵਿਚ ਨਿਸ਼ਚੇ ਹੀ ਇਹ ਕੇਂਦਰ ਵੱਡੀਆਂ ਪੁਲਾਂਘਾਂ ਪੁੱਟੇਗਾ ਅਤੇ ਨਵੇਂ ਦਿਸਹੱਦਿਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਦਲਜੀਤ ਅਮੀ ਨੂੰ ਫਿ਼ਲਮਸਾਜ਼ੀ, ਪੱਤਰਕਾਰੀ, ਖੋਜ, ਅਨੁਵਾਦ ਆਦਿ ਖੇਤਰਾਂ ਵਿਚ ਵੱਡਾ ਤਜ਼ਰਬਾ ਹਾਸਿਲ ਹੈ ਜਿਸ ਦਾ ਲਾਭ ਇਸ ਕੇਂਦਰ ਨੂੰ ਹੋਵੇਗਾ।