ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਇਕ ਹੋਰ ਵਿਵਾਦਿਤ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਫੋਨ ਕਾਲ ਦੀ ਰਿਕਾਰਡਿੰਗ ਇਸ ਆਡੀਓ ’ਚ ਹਰਮਿੰਦਰ ਸਿੰਘ ਗਿੱਲ ਪਾਵਰਕਾਮ ਦੇ ਅਧਿਕਾਰੀ ਨੂੰ ਧ ਮ ਕਾ ਉਂਦੇ ਸੁਣਾਈ ਦਿੰਦੇ ਹਨ। ਹਾਲਾਂਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਰਮਿੰਦਰ ਸਿੰਘ ਗਿੱਲ ਨੇ ਉਕਤ ਅਧਿਕਾਰੀ ਵੱਲੋਂ ਕਾਲ ਰਿਕਾਰਡਿੰਗ ਵਾਇਰਲ ਕਰਨ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੀ ਆਡੀਓ ਵਾਇਰਲ ਕਰਕੇ ਆਖਿਰ ਐੱਸਡੀਓ ਕੀ ਸਾਬਤ ਕਰਨਾ ਚਾਹੁੰਦੇ ਹਨ।

ਸ਼ਨਿਚਰਵਾਰ ਦੀ ਸਵੇਰ ਸੋਸ਼ਲ ਮੀਡੀਆ ’ਤੇ ਇਕ ਆਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ। ਜਿਸ ਵਿਚ ਪੱਟੀ ਹਲਕੇ ਦੇ ਇਕ ਪਿੰਡ ’ਚ ਜੁਰਮਾਨਾ ਪਾਉਣ ਨੂੰ ਲੈ ਕੇ ਵਿਧਾਇਕ ਹਰਮਿੰਦਰ ਗਿੱਲ ਖਾਸੇ ਗੁੱਸੇ ਵਿਚ ਦਿਖਾਈ ਦਿੱਤੇ ਹਨ। ਆਡੀਓ ’ਚ ਸੁਣਾਈ ਦਿੰਦਾ ਹੈ ਕਿ ਵਿਧਾਇਕ ਪਾਰਵਕਾਮ ਦੇ ਅਧਿਕਾਰੀ ਨੂੰ ਸਵਾਲ ਕਰਦੇ ਹਨ ਕਿ ਸਰਕਾਰ ਲੋਕਾਂ ਦੇ ਬਿੱਲ ਮਾਫ ਕਰ ਰਹੀ ਹੈ, ਤੁਸੀਂ ਜੁਰਮਾਨੇ ਪਾਈ ਜਾ ਰਹੇ ਹੋ। ਅਧਿਕਾਰੀ ਆਪਣੇ ਘਿਰਾਓ ਦੀ ਗੱਲ ਕਰਦਿਆਂ ਕਾਰਵਾਈ ਦੀ ਗੱਲ ਕਰਦੇ ਹਨ, ਜਿਸ ਤੋਂ ਬਾਅਦ ਵਿਧਾਇਕ ਗਿੱਲ ਉਕਤ ਅਧਿਕਾਰੀ ਨੂੰ ਖੂਬ ਸੁਣਾਉਂਦੇ ਹਨ।

ਜਿਨ੍ਹਾਂ ’ਚ ਕੁਝ ਇਤਰਾਜ਼ ਯੋਗ ਗੱਲਾਂ ਵੀ ਹਨ। ਉਹ ਅਧਿਕਾਰੀ ਨੂੰ ਘੇਰਨ ਤੇ ਪਰਚਾ ਦਰਜ ਕਰਵਾਉਣ ਦੀ ਗੱਲ ਵੀ ਕਹਿੰਦੇ ਹਨ। ਉਕਤ ਗੱਲਬਾਤ ਦੀ ਵਾਇਰਲ ਹੋਈ ਆਡੀਓ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਵਿਧਾਇਕ ਹਰਮਿੰਦਰ ਸਿੰਘ ਨੇ ਇਕ ਪੋਸਟ ਅੱਪਲੋਡ ਕੀਤੀ ਹੈ। ਜਿਸ ਵਿਚ ਉਹ ਕਹਿੰਦੇ ਹਨ ਕਿ….. ‘ਅਫਸਰਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਨਿਰਲਾਲਚ ਹੋ ਕੇ ਸੇਵਾ ਕਰਨੀ ਚਾਹੀਦੀ ਹੈ, ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਬਕਾਇਆ ਬਿਜਲੀ ਬਿੱਲਾਂ ਦਾ ਬੋਝ ਲੋਕਾਂ ਦੇ ਸਿਰ ਤੋਂ ਲਾਹ ਰਹੀ ਹੈ, ਪਰ ਸਾਡੇ ਕੁਝ ਬਿਜਲੀ ਮਹਿਕਮੇ ਦੇ ਅਫਸਰ ਬਿਨਾ ਵਜ੍ਹਾ ਜੁਰਮਾਨੇ ਪਾ ਕੇ ਸਰਕਾਰ ਦਾ ਅਕਸ ਖਰਾਬ ਕਰਨਾ ਚਾਹੁੰਦੇ ਹਨ, ਪੱਟੀ ਸਬ ਅਰਬਨ ਦੇ ਐੱਸਡੀਓ ਉਨ੍ਹਾਂ ਦੀ ਗੱਲਬਾਤ ਦੀ ਆਡੀਓ ਵਾਇਰਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ। ਇਕ ਪਾਸੇ ਉਨ੍ਹਾਂ ਵੱਲੋਂ ਦੋ ਕਿਲੋਵਾਟ ਲੋਡ ਵਾਲੇ ਖਪਤਕਾਰਾਂ ਦੇ ਬਿੱਲ ਮਾਫੀ ਦੇ ਫਾਰਮ ਭਰੇ ਜਾ ਰਹੇ ਹਨ, ਸਰਕਾਰ ਨੇ 29 ਸਤੰਬਰ ਨੂੰ ਬਕਾਇਆ ਮਾਫ ਕੀਤੇ ਤੇ ਇਹ ਐੱਸਡੀਓ ਸਾਹਿਬ 10 ਅਕਤੂਬਰ ਨੂੰ ਤੁੰਗ ਪਿੰਡ ਵਿਚ ਜੁਰਮਾਨੇ ਪਾ ਕੇ ਵੇਰਕਾ ਥਾਣੇ ’ਚ ਪਰਚਾ ਦਰਜ ਕਰਵਾ ਰਹੇ ਹਨ, ਮੈਂ ਜੇ ਕੁਝ ਗਲਤ ਬੋਲਿਆਂ ਮਹਿਸੂਸ ਕਰਦਾ ਹਾਂ, ਕੀ ਐੱਸਡੀਓ ਸਾਹਿਬ ਉਨ੍ਹਾਂ ਲੋਕਾਂ ’ਤੇ ਪਾਏ ਜਰਮਾਨੇ ’ਤੇ ਲੀਕ ਮਾਰਨਗੇ? ਉਨ੍ਹਾਂ ’ਤੇ ਦਰਜ ਕੇਸ ਵਾਪਸ ਲੈਣਗੇ? ਮੇਰੀ ਤਨਖਾਹ 84000 ਹੈ, ਮੇਰੇ ਤੋਂ ਵੱਧ ਤਨਖਾਹ ਲੈਣ ਦੇ ਬਾਵਜੂਦ ਸਾਡੀਆਂ ਸਿਫਾਰਸ਼ਾਂ ਕਰਨ ’ਤੇ ਵੀ ਇਹ ਟਰਾਂਸਫਾਰਮਰ ਲਾਉਣ ਦੇ ਲੋਕਾਂ ਤੋਂ ਪੈਸੇ ਕਿਉਂ ਲੈਂਦੇ ਹਨ? ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਮੈਨੂੰ ਐੱਸਡੀਓ ਸਾਹਿਬ ਦੱਸਣ ਕਿ ਮੇਰੀ ਗੱਲਬਾਤ ਕਿਹੜੇ ਕਾਨੂੰਨ ਤਹਿਤ ਰਿਕਾਰਡ ਕੀਤੀ। ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਬਿਜਲੀ ਮਹਿਕਮੇ ਦੇ ਭ੍ਰਿਸ਼ਟਾਚਾਰ ਤੋਂ ਬਚਾਉਣ ਲਈ ਰਣਨੀਤੀ ਜਰੂਰ ਉਲੀਕੀ ਜਾਵੇ।….