ਭਾਰਤ ਏਨਾ “ਅਮੀਰ ਅਤੇ ਮਜ਼ਬੂਤ” ਹੋ ਗਿਆ ਤੇ ਭਾਰਤ ਦਾ ਭਵਿੱਖ ਏਨਾ “ਸੁਨਹਿਰੀ” ਹੋ ਗਿਆ ਕਿ ਆਮ ਲੋਕਾਂ ਵਲੋੰ ਧੜਾਧੜ ਬਾਹਰਲੇ ਮੁਲਕਾਂ ਨੂੰ ਭੱਜਣ ਤੋਂ ਬਾਅਦ ਮੁਲਕ ਦਾ ਸਿਖਰਲਾ ਅਮੀਰ ਵੀ ਇੰਗਲੈਂਡ ਰਹਿਣ ਜਾ ਰਿਹਾ। ਪਹਿਲਾਂ ਅੰਗਰੇਜ਼ ਆਣ ਕੇ ਲੁੱਟ ਗਏ ਸਨ, ਹੁਣ ਕਾਲੇ ਅੰਗਰੇਜ਼ ਲੁੱਟ ਕੇ ਅੰਗਰੇਜ਼ਾਂ ਕੋਲ ਚੱਲੇ ਹਨ।

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਲੰਡਨ ‘ਚ ਸੈਟਲ ਹੋਣ ਦੀ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬ੍ਰਿਟੇਨ ‘ਚ ਰਹਿਣ ਦੀ ਖਬਰ ‘ਤੇ ਲੋਕ ਪ੍ਰਤੀਕਿਰਿਆ ਦੇ ਰਹੇ ਹਨ ਤੇ ਸੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

ਅੰਗਰੇਜ਼ੀ ਅਖਬਾਰ ਮਿਡ ਡੇ ਨੇ ਸੂਤਰਾਂ ਦੇ ਹਵਾਲੇ ਤੋਂ ਲਿਖੀ ਖਬਰ ਵਿੱਚ ਦੱਸਿਆ ਕਿ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਨਾਲ ਲੰਡਨ ‘ਚ ਰਹਿਣ ਜਾ ਰਹੇ ਹਨ। ਅੰਬਾਨੀ ਪਰਿਵਾਰ ਬ੍ਰਿਟੇਨ ਦੇ ਬਕਿੰਘਮਸ਼ਾਇਰ ਦੇ ਸਟੋਕ ਪਾਰਕ ‘ਚ ਆਪਣੇ ਆਲੀਸ਼ਾਨ ਘਰ ‘ਚ ਰਹਿਣ ਦੀ ਤਿਆਰੀ ਕਰ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ‘ਚ ਮੁਕੇਸ਼ ਅੰਬਾਨੀ ਦਾ ਆਲੀਸ਼ਾਨ ਘਰ ਬਣ ਕੇ ਤਿਆਰ ਹੋ ਚੁੱਕਾ ਹੈ। ਉਨ੍ਹਾਂ ਨੇ ਸਟੋਨ ਪਾਰਕ ਵਿੱਚ ਸਥਿਤ ਇੱਕ ਆਲੀਸ਼ਾਨ ਘਰ 592 ਕਰੋੜ ਰੁਪਏ ਵਿੱਚ ਤਿਆਰ ਕਰਵਾਇਆ ਹੈ, ਜਿਸ ਵਿੱਚ 49 ਤੋਂ ਵੱਧ ਕਮਰੇ, ਸਵਿਮਿੰਗ ਪੂਲ, ਮਿੰਨੀ ਹਸਪਤਾਲ, ਕਲੱਬ, ਆਡੀਟੋਰੀਅਮ, ਪਾਰਕ, ਓਪਨ ਏਰੀਆ ਹੈ, ਜਦਕਿ ਘਰ ਲਈ ਵੱਖਰੀ ਸੜਕ ਤਿਆਰ ਕੀਤੀ ਗਈ ਹੈ।

ਇਹ ਆਲੀਸ਼ਾਨ ਘਰ 300 ਏਕੜ ਤੋਂ ਵੱਧ ਵਿੱਚ ਤਿਆਰ ਕੀਤਾ ਗਿਆ ਹੈ। ਘਰ ਵਿੱਚ ਇੱਕ ਵਿਸ਼ੇਸ਼ ਮੰਦਰ ਦੀ ਸਥਾਪਨਾ ਕੀਤੀ ਗਈ ਹੈ। ਰਾਜਸਥਾਨ ਤੋਂ ਸੰਗਮਰਮਰ ਨਾਲ ਬਣੀਆਂ ਭਗਵਾਨ ਕ੍ਰਿਸ਼ਨ, ਹਨੂੰਮਾਨ ਤੇ ਗਣੇਸ਼ ਦੀਆਂ ਮੂਰਤੀਆਂ ਨੂੰ ਲਿਆ ਕੇ ਉਥੇ ਸਥਾਪਤ ਕੀਤਾ ਗਿਆ ਹੈ। ਖਬਰਾਂ ਮੁਤਾਬਕ ਮੰਦਰ ਦਾ ਡਿਜ਼ਾਇਨ ਬਿਲਕੁਲ ਉਸੇ ਤਰ੍ਹਾਂ ਦਾ ਹੈ, ਜਿਵੇਂ ਉਸ ਨੇ ਆਪਣੇ ਮੁੰਬਈ ਦੇ ਘਰ ਤੇ ਦਫਤਰ ‘ਚ ਰੱਖਿਆ ਹੈ।

ਦਰਅਸਲ, ਅੰਬਾਨੀ ਪਰਿਵਾਰ ਨੂੰ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੌਰਾਨ ਦੂਜੇ ਘਰ ਦੀ ਲੋੜ ਮਹਿਸੂਸ ਹੋਈ ਸੀ। ਉਨ੍ਹਾਂ ਨੂੰ ਖੁੱਲ੍ਹੀ ਥਾਂ ਵਾਲੇ ਮਕਾਨ ਦੀ ਲੋੜ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਸਟੋਨਪਾਰਕ ਦੇ ਇਸ ਘਰ ਨੂੰ ਡੀਲ ਕੀਤਾ ਗਿਆ ਤੇ ਹੁਣ ਇਹ ਘਰ ਤਿਆਰ ਹੋ ਗਿਆ ਹੈ। ਖਬਰਾਂ ਮੁਤਾਬਕ ਦੀਵਾਲੀ ਦੀ ਪੂਜਾ ਤੋਂ ਬਾਅਦ ਅਗਲੇ ਸਾਲ ਅਪ੍ਰੈਲ ‘ਚ ਅੰਬਾਨੀ ਪਰਿਵਾਰ ਇੱਥੇ ਸ਼ਿਫਟ ਹੋ ਸਕਦਾ ਹੈ। ਹਾਲਾਂਕਿ, ਮੁਕੇਸ਼ ਅੰਬਾਨੀ ਆਪਣਾ ਸਮਾਂ ਮੁੰਬਈ ਤੇ ਲੰਡਨ ਦੋਵਾਂ ਵਿੱਚ ਬਿਤਾਉਣਗੇ।

ਰਿਲਾਇੰਸ ਇੰਡਸਟਰੀ ਜਾਂ ਅੰਬਾਨੀ ਪਰਿਵਾਰ ਵੱਲੋਂ ਬ੍ਰਿਟੇਨ ਸ਼ਿਫਟ ਹੋਣ ਦੀਆਂ ਖਬਰਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਅੰਬਾਨੀ ਪਰਿਵਾਰ ਪਿਛਲੇ ਢਾਈ ਮਹੀਨਿਆਂ ਤੋਂ ਮੁੰਬਈ ਸਥਿਤ ਆਪਣੇ ਘਰ ਤੋਂ ਬਾਹਰ ਹੈ, ਜਿਸ ਤੋਂ ਬਾਅਦ ਇਸ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਖਬਰਾਂ ਦੀ ਮੰਨੀਏ ਤਾਂ ਅੰਬਾਨੀ ਪਰਿਵਾਰ ਲੰਡਨ ‘ਚ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ। ਜਦੋਂ ਤੋਂ ਇਹ ਖਬਰ ਸੋਸ਼ਲ ਮੀਡੀਆ ‘ਤੇ ਆਈ ਹੈ, ਲੋਕ ਇਸ ‘ਤੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।