ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਦੇਸ਼ ਦੇ ਕ੍ਰਿਕਟਰ ਰਾਸ਼ਟਰੀ ਟੀਮ ਤੋਂ ਜ਼ਿਆਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਪਹਿਲ ਦਿੰਦੇ ਹਨ ਤੇ ਮੌਜੂਦਾ ਟੀ-20 ਵਰਲਡ ਕੱਪ ਦੌਰਾਨ ਕੀਤੀਆਂ ਗਈਆਂ ਗ਼ਲਤੀਆਂ ਤੋਂ ਬਚਣ ਲਈ ਵਧੀਆ ਪ੍ਰੋਗਰਾਮ ਤਿਆਰ ਕਰਨ ਦੀ ਜ਼ਿੰਮੇਵਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਹੈ। ਭਾਰਤ ਸੁਪਰ 12 ’ਚ ਪਹਿਲੇ ਦੋ ਮੈਚ ਗੁਆਉਣ ਕਾਰਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਥਾਂ ਨਹੀਂ ਬਣਾ ਸਕਿਆ। ਨਿਊਜ਼ੀਲੈਂਡ ਨੇ ਐਤਵਾਰ ਨੂੰ ਅਫ਼ਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ, ਜਿਸ ਨਾਲ ਭਾਰਤ ਬਾਹਰ ਹੋ ਗਿਆ। ਕਪਿਲ ਨੇ ਏ. ਬੀ. ਪੀ. ਨੂੰ ਕਿਹਾ ਕਿ ਜਦੋਂ ਖਿਡਾਰੀ ਦੇਸ਼ ਲਈ ਖੇਡਣ ਤੋਂ ਜ਼ਿਆਦਾ ਆਈ. ਪੀ. ਐੱਲ. ਨੂੰ ਪਹਿਲ ਦਿੰਦੇ ਹਨ, ਤਾਂ ਅਸੀਂ ਕੀ ਕਹਿ ਸਕਦੇ ਹਾਂ? ਖਿਡਾਰੀਆਂ ਨੂੰ ਆਪਣੇ ਦੇਸ਼ ਲਈ ਖੇਡਣ ’ਤੇ ਮਾਣ ਹੋਣਾ ਚਾਹੀਦਾ ਹੈ। ਮੈਨੂੰ ਉਨ੍ਹਾਂ ਦੀ ਵਿੱਤੀ ਹਾਲਤ ਦਾ ਪਤਾ ਨਹੀਂ ਹੈ, ਇਸ ਲਈ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ।

ਆਈ. ਪੀ. ਐੱਲ. ਦਾ ਆਯੋਜਨ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕੀਤਾ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਬੀ. ਸੀ. ਸੀ. ਆਈ. ਨੇ ਇੰਨਾ ਰੁਝੇਵਿਆਂ ਭਰਿਆ ਪ੍ਰੋਗਰਾਮ ਤਿਆਰ ਕੀਤਾ। ਕਪਿਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਹਿਲਾਂ ਰਾਸ਼ਟਰੀ ਟੀਮ ਤੇ ਫਿਰ ਫ੍ਰੈਂਚਾਇਜ਼ੀ ਹੋਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਉਥੇ (ਆਈ. ਪੀ. ਐੱਲ.) ਕ੍ਰਿਕਟ ਨਾ ਖੇਡਣ ਪਰ ਵਧੀਆ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਹੁਣ ਬੀ. ਸੀ. ਸੀ. ਆਈ. ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ’ਚ ਅਸੀਂ ਜੋ ਗ਼ਲਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਦੁਹਰਾਉਣਾ ਸਾਡੇ ਲਈ ਸਭ ਤੋਂ ਵੱਡੀ ਸਿੱਖਿਆ ਹੈ।

ਕਪਿਲ ਨੇ ਇਸ ਦੇ ਨਾਲ ਹੀ ਕਿਹਾ ਕਿ ਆਈ. ਪੀ. ਐੱਲ. ਦੇ ਦੂਸਰੇ ਪੜਾਅ ’ਤੇ ਟੀ20 ਵਿਸ਼ਵ ਕੱਪ ਵਿਚਾਲੇ ਫਰਕ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਭਵਿੱਖ ’ਤੇ ਗੌਰ ਕਰਨ ਦਾ ਸਮਾਂ ਹੈ। ਤੁਹਾਨੂੰ ਤੁਰੰਤ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਜਿਹਾ ਨਹੀਂ ਹੈ ਕਿ ਵਿਸ਼ਵ ਕੱਪ ਖ਼ਤਮ ਹੋ ਗਿਆ ਹੈ ਤਾਂ ਭਾਰਤੀ ਟੀਮ ਦਾ ਪੂਰਾ ਕ੍ਰਿਕਟ ਵੀ ਖ਼ਤਮ ਹੋ ਗਿਆ ਹੈ। ਜਾਓ ਤੇ ਯੋਜਨਾ ਤਿਆਰ ਕਰੋ। ਕਪਿਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਆਈ. ਪੀ. ਐੱਲ. ਤੇ ਵਿਸ਼ਵ ਕੱਪ ਵਿਚਾਲੇ ਕੁਝ ਸਮੇਂ ਦਾ ਫਰਕ ਹੋਣਾ ਚਾਹੀਦਾ ਸੀ।

ਅੱਜ ਸਾਡੇ ਖਿਡਾਰੀਆਂ ਨੂੰ ਲੋੜੀਂਦੇ ਮੌਕੇ ਮਿਲ ਰਹੇ ਹਨ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੇ। ਇਹ 2012 ਤੋਂ ਬਾਅਦ ਪਹਿਲਾ ਮੌਕਾ ਹੈ, ਜਦੋਂ ਭਾਰਤ ਕਿਸੇ ਆਈ. ਸੀ. ਸੀ. ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ ਹੈ ਤੇ ਹਰ ਕਿਸੇ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ (ਚੋਟੀ ਦੇ ਖਿਡਾਰੀਆਂ) ਆਪੇ ਕਰੀਅਰ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਜੇ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਹੋ ਤਾਂ ਤੁਹਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ…ਰਵੀ ਸ਼ਾਸਤਰੀ, ਵਿਰਾਟ ਕੋਹਲੀ ਦਾ ਰਿਕਾਰਡ ਵਧੀਆ ਹੈ ਪਰ ਜੇ ਤੁਸੀਂ ਆਈ. ਸੀ. ਸੀ. ਮੁਕਾਬਲਾ ਨਹੀਂ ਜਿੱਤ ਸਕਦੇ ਤਾਂ ਇਸ ਨਾਲ ਉਨ੍ਹਾਂ ਨੂੰ ਹੋਰ ਦੁੱਖ ਹੋਵੇਗਾ।