ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-32 ਸਾਲਾ ਬਿ੍ਟਿਸ਼ ਸਿੱਖ ਆਰਮੀ ਅਫ਼ਸਰ ਅਤੇ ਫਿਜ਼ੀਓਥੈਰੇਪਿਸਟ ਸਾਊਥ ਪੋਲ ਯਾਤਰਾ ਨੂੰ ਪੂਰਾ ਕਰਨ ਵਾਲੀ ਪਹਿਲੀ ਸਿੱਖ ਮੂਲ ਦੀ ਮਹਿਲਾ ਬਣਨ ਦੇ ਮਿਸ਼ਨ ‘ਤੇ ਹੈ ਅਤੇ ਐਤਵਾਰ ਨੂੰ ਉਹ ਚਿਲੀ ਲਈ ਰਵਾਨਾ ਹੋਈ |

ਕੈਪਟਨ ਹਰਪ੍ਰੀਤ ਕੌਰ ਚੰਦ ਜਿਸ ਨੂੰ ‘ਪੋਲਰ ਪ੍ਰੀਤ’ ਵਜੋਂ ਜਾਣਿਆ ਜਾਂਦਾ ਹੈ, ਉਹ ਮਨਫੀ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਹਵਾ ਦੀ ਰਫ਼ਤਾਰ ਨਾਲ ਲੜਦੇ ਹੋਏ 700 ਮੀਲ ਦਾ ਸਫ਼ਰ ਤੈਅ ਕਰੇਗੀ | ਚੰਦੀ ਨੇ ਕਿਹਾ ਕਿ ਇਸ ਯਾਤਰਾ ਲਈ ਲਗਪਗ 45-47 ਦਿਨ ਲੱਗਣਗੇ ਜਿਸ ਦੌਰਾਨ ਉਹ ਲੋਕਾਂ ਲਈ ਆਪਣੇ ਰੋਜ਼ਾਨਾ ਲਾਈਵ ਟਰੈਕਿੰਗ ਨਕਸ਼ਾ ਅਪਲੋਡ ਕਰੇਗੀ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਯਾਤਰਾ ਦੌਰਾਨ ਉਸ ਨਾਲ ਜੁੜ• ਸਕਣ |

ਚੰਦੀ ਇਸ ਸਮੇਂ ਇੰਗਲੈਂਡ ਦੇ ਉੱਤਰ-ਪੱਛਮ ‘ਚ ਇਕ ਮੈਡੀਕਲ ਰੈਜੀਮੈਂਟ ਵਿਚ ਕਲੀਨਿਕਲ ਸਿਖਲਾਈ ਅਫਸਰ ਵਜੋਂ ਫੌਜ ‘ਚ ਡਾਕਟਰਾਂ ਨੂੰ ਸਿਖਲਾਈ ਦੇਣ ਦੀਆਂ ਸੇਵਾਵਾਂ ਨਿਭਾਅ ਰਹੀ ਹੈ | ਉਹ ਲੰਡਨ ਦੀ ਕੁਈਨ ਮੈਰੀਜ਼ ਯੂਨੀਵਰਸਿਟੀ ਵਿੱਚ ਸਪੋਰਟਸ ਅਤੇ ਐਕਸਰਸਾਈਜ਼ ਮੈਡੀਸਨ ਵਿਚ ਆਪਣੀ ਮਾਸਟਰ ਡਿਗਰੀ ਕਰ ਰਹੀ ਹੈ | ਹਰਪ੍ਰੀਤ ਕੌਰ ਚੰਦੀ ਇਕ ਐਥਲੀਟ ਵਜੋਂ ਮੈਰਾਥਨ ਅਤੇ ਅਲਟਰਾ-ਮੈਰਾਥਨ ਵਿਚ ਭਾਗ ਲੈ ਚੁੱਕੀ ਹੈ |