ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਯੂ.ਪੀ. ਨਾਲ ਲੱਗਦੇ ਪੁਰਵਾਂਚਲ ਖ਼ਿੱਤੇ ਦੇ ਉਨ੍ਹਾਂ ਲੋਕਾਂ ਲਈ ਵਾਅਦਿਆਂ ਦਾ ਐਲਾਨ ਕੀਤਾ ਹੈ, ਜੋ ਪੰਜਾਬ ਦੇ ਪਿੰਡਾਂ ਸ਼ਹਿਰਾਂ ‘ਚ ਕੰਮ ਕਰਨ ਆਏ ਇੱਥੇ ਹੀ ਵੱਸ ਗਏ।

ਸੁਖਬੀਰ ਮੁਤਾਬਕ ਨਵੀਂ ਬਣੀ ਅਕਾਲੀ-ਬਸਪਾ ਸਰਕਾਰ ਪੰਜਾਬ ‘ਚ ਪੁਰਵਾਂਚਲ ਵੈਲਫੇਅਰ ਬੋਰਡ ਬਣਾਏਗੀ ਅਤੇ ਇਸ ਬੋਰਡ ਦੇ ਚੇਅਰਮੈਨ ਨੂੰ ਕੈਬਨਿਟ ਮੰਤਰੀ ਵਾਲਾ ਦਰਜਾ ਦਿੱਤਾ ਜਾਵੇਗਾ।

ਪੁਰਵਾਂਚਲੀ ਲੋਕਾਂ ਦੀ ਬਹੁਤਾਤ ਵਾਲੇ ਜ਼ਿਲ੍ਹਿਆਂ ‘ਚ ਛਠ ਪੂਜਾ ਦੀ ਸਰਕਾਰੀ ਛੁੱਟੀ ਹੋਵੇਗੀ ਤੇ ਸ਼ਹਿਰਾਂ ‘ਚ ਛਠ ਪੂਜਾ ਲਈ ਪੰਜ ਏਕੜ ਦੀਆਂ ਝੀਲਾਂ ਬਣਾਈਆਂ ਜਾਣਗੀਆਂ। ਕੁੜੀਆਂ ਦੇ ਕਾਲਜ ਬਣਾਏ ਜਾਣਗੇ ਤੇ ਸਾਰੇ ਪਰਵਾਸੀਆਂ ਨੂੰ ਦਸ ਲੱਖ ਸਲਾਨਾ ਦੀ ਕਵਰੇਜ ਵਾਲਾ ਸਿਹਤ ਬੀਮਾ ਦਿੱਤਾ ਜਾਵੇਗਾ।

ਜਿੱਤਣ ਵਾਸਤੇ ਸੁਖਬੀਰ ਇਸ ਵਾਰ ਹਰ ਦਾਅ ਖੇਡ ਰਿਹਾ, ਬੇਸ਼ੱਕ ਇਸ ਦੇ ਭਵਿੱਖ ਵਿੱਚ ਕਿੰਨੇ ਵੀ ਮਾੜੇ ਨਤੀਜੇ ਕਿਓਂ ਨਾ ਨਿਕਲਣ।

ਜਿੱਥੇ ਇੱਕ ਪਾਸੇ ਗੁਆਂਢੀ ਰਾਜ ਹਰਿਆਣਾ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰ ‘ਚ ਬਾਹਰਲਿਆਂ ਦਾ ਦਾਖਲਾ ਰੋਕਣ ਲਈ ਸਿੱਧੇ ਤੇ ਅਸਿੱਧੇ ਕਨੂੰਨ ਬਣਾ ਰਿਹਾ, ਉੱਥੇ ਪੰਜਾਬ ਦੇ ਲੀਡਰ ਸਿਰਫ ਕੁਰਸੀ ਹਾਸਲ ਕਰਮ ਲਈ ਪੰਜਾਬ ਦਾ ਸਭ ਕੁਝ ਦਾਅ ‘ਤੇ ਲਾ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਿਚਲੇ ਪੰਜਾਬੀ ਮੁਲਾਜ਼ਮ ਰੋਂਦੇ ਹਟੇ ਹਨ ਕਿ ਸਾਡੀਆਂ ਨੌਕਰੀਆਂ ਬਾਹਰਲੇ (ਵਿਸ਼ੇਸ਼ ਲਫ਼ਜ਼ ਮੈਂ ਜਾਣ ਕੇ ਨਹੀਂ ਵਰਤ ਰਿਹਾ) ਲੈ ਗਏ ਤੇ ਹੋਰ ਲੈ ਜਾਣਗੇ, ਉਹੀ ਪੰਜਾਬ ਪੁਲਿਸ ਵਾਲੇ ਜਿਨ੍ਹਾਂ ਪੰਜਾਬ ਦੀ ਜਵਾਨੀ ਕੁੱਟ-ਕੁੱਟ ਮਾਰ-ਮਾਰ ਬਾਹਰ ਭੱਜਣ ਲਈ ਮਜਬੂਰ ਕੀਤੀ ਤੇ ਹੁਣ ਆਪਣੇ ਬੱਚੇ ਬਾਹਰਲੇ ਮੁਲਕਾਂ ‘ਚ ਭੇਜ ਕੇ ਹੁਣ ਖ਼ੁਦ ਮਗਰ ਆਉਣ ਲਈ ਅਟੈਚੀ ਬੰਨ੍ਹੀ ਬੈਠੇ ਹਨ।

ਅੱਜ ਪੁਲਿਸ ਵਾਲੇ ਰੋਂਦੇ ਹਨ, ਹੋਰ ਸਰਕਾਰੀ ਅਧਿਕਾਰੀ ਵੀ ਇਸੇ ਦੁੱਖੋਂ ਰੋਂਦੇ ਹਨ ਪਰ ਸ਼ਾਇਦ ਲੀਡਰ ਕਦੇ ਵੀ ਨਹੀਂ ਰੋਣਗੇ ਕਿਉਂਕਿ ਉਹ ਤਾਂ ਪਹਿਲਾਂ ਹੀ ਬਾਹਰ ਉਡਾਰੀ ਮਾਰ ਜਾਣ ਦੇ ਪ੍ਰਬੰਧ ਕਰੀ ਬੈਠੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ