ਮੁੰਬਈ : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਕਾਰੋਬਾਰੀ ਰਾਜ ਕੁੰਦਰਾ ਇੱਕ ਹੋਰ ਮੁਸੀਬਤ ਵਿਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ‘ਤੇ 1.51 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ।

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਖ਼ਿਲਾਫ਼ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਜੋੜੇ ਤੋਂ ਇਲਾਵਾ ਫੈਸ਼ਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਕਾਸ਼ਿਫ ਖਾਨ ਅਤੇ ਹੋਰਾਂ ‘ਤੇ ਵੀ ਧੋਖਾਧੜੀ ਦਾ ਦੋਸ਼ ਹੈ। ਪੁਣੇ ਦੇ ਰਹਿਣ ਵਾਲੇ ਨੌਜਵਾਨ ਨਿਤਿਨ ਬਰਾਈ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਹ ਘਟਨਾ ਜੁਲਾਈ 2014 ਵਿਚ ਵਾਪਰੀ ਸੀ। ਰਿਪੋਰਟ ਅਨੁਸਾਰ ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 420, 506 ਅਤੇ ਹੋਰ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਐਸਐਫਐਲ ਫਿਟਨੈਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਕਾਸ਼ਿਫ ਖਾਨ, ਸ਼ਿਲਪਾ ਸ਼ੈਟੀ, ਰਾਜ ਕੁੰਦਰਾ ਅਤੇ ਹੋਰਾਂ ਨੇ ਇਸ ਫਿਟਨੈਸ ਸੈਂਟਰ ਵਿਚ ਪੈਸੇ ਲਗਾਉਣ ਲਈ ਕਿਹਾ ਅਤੇ ਮੁਨਾਫੇ ਦਾ ਵਾਅਦਾ ਕੀਤਾ।

ਨੌਜਵਾਨ ਨੇ ਦਾਅਵਾ ਕੀਤਾ ਕਿ ਜਦੋਂ ਅਜਿਹਾ ਨਹੀਂ ਹੋਇਆ ਅਤੇ ਉਸ ਨੇ ਆਪਣੇ ਪੈਸੇ ਮੰਗੇ ਤਾਂ ਉਸ ਨੂੰ ਧ ਮ ਕੀ ਆਂ ਦਿਤੀਆਂ ਗਈਆਂ। ਦੱਸ ਦੇਈਏ ਕਿ ਅਜੇ ਤੱਕ ਇਸ ਬਾਰੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਹਾਲ ਹੀ ‘ਚ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇੱਕ ਹੋਰ ਮਾਮਲੇ ਵਿਚ ਉਹ ਕਾਨੂੰਨੀ ਕਾਰਵਾਈ ਵਿਚ ਫਸਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਰਾਜ ਕੁੰਦਰਾ ਨੂੰ ਜੁਲਾਈ ‘ਚ ਪੋ ਰਨ ਵੀਡੀਓ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ‘ਤੇ ਪੋ ਰਨ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ਦਿਖਾਉਣ ਦਾ ਦੋਸ਼ ਸੀ। ਛਾਪੇਮਾਰੀ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਰਾਜ ਕੁੰਦਰਾ ਨੂੰ ਕਰੀਬ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਸਤੰਬਰ ਵਿਚ ਜ਼ਮਾਨਤ ਮਿਲ ਗਈ ਸੀ। ਰਾਜ ਕੁੰਦਰਾ ਨੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਆਪਣਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿਤਾ ਹੈ।