ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਕਿਤਾਬ ਦੇ ਵਿਵਾਦਿਤ ਅੰਸ਼ ਨੂੰ ਲੈ ਕੇ ਹਿੰਦੂਵਾਦੀ ਸੰਗਠਨਾਂ ’ਚ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਨੈਨੀਤਾਲ ਜ਼ਿਲ੍ਹੇ ਦੇ ਭਵਾਲੀ-ਰਾਮਗੜ੍ਹ ਰੋਡ ’ਤੇ ਸਥਿਤ ਸ਼ੀਤਲਾ ’ਚ ਸਥਿਤ ਉਨ੍ਹਾਂ ਦੇ ਘਰ ਅੱਗੇ ਹਿੰਦੂਵਾਦੀ ਸੰਗਠਨਾਂ ਨੇ ਪ੍ਰਦਰਸ਼ਨ ਕਰਨ ਦੌਰਾਨ ਤੋੜ-ਭੰਨ ਵੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਮਕਾਨ ਨੂੰ ਅੱਗ ਵੀ ਲਾ ਦਿੱਤੀ ਗਈ, ਜਿਸ ਤੋਂ ਬਾਅਦ ਘਰ ਦੇ ਕੇਅਰ ਟੇਕਰ ਸੁੰਦਰਰਾਮ ਨੇ ਅੱਗ ਨੂੰ ਜਿਵੇਂ-ਕਿਵੇਂ ਬੁਝਾਇਆ। ਘਟਨਾ ਦੁਪਹਿਰ ਦੋ ਵਜੇ ਦੀ ਦੱਸੀ ਜਾ ਰਹੀ ਹੈ। ਉੱਥੇ, ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਫੋਰਸ ਵੀ ਪਹੁੰਚ ਗਈ। ਹਾਲਾਂਕਿ, ਉਦੋਂ ਪ੍ਰਦਰਸ਼ਨਕਾਰੀ ਮੌਕੇ ਤੋਂ ਜਾ ਚੁੱਕੇ ਸਨ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਖੁਰਸ਼ੀਦ ਦੀ ਕਿਤਾਬ ’ਚ ਹਿੰਦੂਤਵ ਦੀ ਤੁਲਨਾ ਆਈਐੱਸਆਈਐੱਸ ਅਤੇ ਬੋਕੋ ਹਰਮ ਵਰਗੇ ਅੱਤਵਾਦੀ ਸੰਗਠਨਾਂ ਨਾਲ ਕੀਤੇ ਜਾਣ ਕਾਰਨ ਗੁੱਸੇ ’ਚ ਸਨ ਜਿਸ ਕਾਰਨ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਕਿਤਾਬ ਸਨਰਾਈਜ਼ ਓਵਰ ਅਯੁੱਧਿਆ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ’ਚ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਿੰਦੂਤਵ ਦੀ ਅੱ ਤ ਵਾ ਦ ਨਾਲ ਤੁਲਨਾ ਕਰ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਤਾਬ ’ਚ ਹਿੰਦੂਤਵ ਦੀ ਤੁਲਨਾ ਆਈਐੱਸਆਈਐੱਸ ਅਤੇ ਬੋਕੋ ਹਰਮ ਵਰਗੇ ਅੱਤਵਾਦੀ ਸੰਗਠਨਾਂ ਨਾਲ ਕਰਦੇ ਹੋਏ ਸਲਮਾਨ ਨੇ ਕਿਹਾ ਕਿ ਹਿੰਦੂਤਵ ਸਾਧੂ-ਸੰਤਾਂ ਦੇ ਸਨਾਤਨ ਅਤੇ ਪ੍ਰਾਚੀਨ ਹਿੰਦੂ ਧਰਮ ਨੂੰ ਕਿਨਾਰੇ ਲਾ ਰਿਹਾ ਹੈ, ਜੋ ਕਿ ਹਰ ਤਰੀਕੇ ਨਾਲ ਆਈਐੱਸਆਈਐੱਸ ਅਤੇ ਬੋਕੋ ਹਰਮ ਵਰਗੇ ਜਿਹਾਦੀ ਇਸਲਾਮੀ ਸੰਗਠਨਾਂ ਵਰਗਾ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਹਿੰਦੂਵਾਦੀ ਸੰਗਠਨਾਂ ’ਚ ਰੋਸ ਹੈ।

ਇਸ ਲੜੀ ’ਚ ਸੋਮਵਾਰ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਨੈਨੀਤਾਲ ਜ਼ਿਲ੍ਹੇ ਦੇ ਸ਼ੀਤਲਾ ’ਚ ਸਥਿਤ ਉਨ੍ਹਾਂ ਦੇ ਘਰ ਅੱਗੇ ਹਿੰਦੂਵਾਦੀ ਸੰਗਠਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਹੀ ਉਨ੍ਹਾਂ ਦੇ ਘਰ ’ਤੇ ਪੱਥਰਬਾਜ਼ੀ ਅਤੇ ਅੱਗ ਲਾ ਦਿੱਤੀ ਗਈ। ਘਟਨਾ ਦੀ ਸੂਚਨਾ ਮਕਾਨ ਦੇ ਕੇਅਰ ਟੇਕਰ ਸੁੰਦਰਰਾਮ ਨੇ ਸਲਮਾਨ ਖੁਰਸ਼ੀਦ ਨੂੰ ਦਿੱਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁਲਿਸ ਫੋਰਸ ਵੀ ਪਹੁੰਚ ਗਈ। ਹਾਲਾਂਕਿ, ਉਦੋਂ ਤਕ ਪ੍ਰਦਰਸ਼ਨਕਾਰੀ ਘਟਨਾ ਸਥਾਨ ਤੋਂ ਜਾ ਚੁੱਕੇ ਸਨ। ਸਲਮਾਨ ਖੁਰਸ਼ੀਦ ਨੇ ਇਸ ਵਾਰਦਾਤ ਦੀ ਫੋਟੋ ਅਤੇ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਵੀ ਸ਼ੇਅਰ ਕੀਤੀ ਹੈ। ਉੱਥੇ ਡੀਆਈਜੀ ਕਮਾਊਂ ਨੀਲੇਸ਼ ਆਨੰਦ ਨੇ ਦੱਸਿਆ ਕਿ ਕੁਝ ਲੋਕਾਂ ਨੇ ਅੱਜ ਨੈਨੀਤਾਲ ਜ਼ਿਲ੍ਹੇ ’ਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੇ ਘਰ ’ਚ ਭੰਨਤੋੜ ਦੀ ਹੈ। ਮਾਮਲੇ ’ਚ ਰਾਕੇਸ਼ ਕਪਿਲ ਸਮੇਤ 20 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।