ਐਡੀਲੇਡ, 14 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਪਾਰਲੀਮੈਂਟ ਹਾਊਸ ਵਿਚ ਮੰਗਲਵਰ 16 ਨਵੰਬਰ ਸ਼ਾਮ ਪੰਜ ਵਜੇ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ | ਸਮਾਗਮ ਵਿਸ਼ੇਸ਼ ਤੌਰ ‘ਤੇ ਉੱਦਮ ਰਸਲ ਵਾਰਟਲੇ ਐੱਮ-ਐੱਲ-ਸੀ ਅਤੇ ਡਾਨਾ ਵਾਰਟਲੇ ਐਮ-ਪੀ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਿਹਾ ਹੈ |

ਇਸ ਕਾਰਜ ਨੂੰ ਸਿਰੇ ਚਾੜ੍ਹ•ਨ ਲਈ ਸ. ਗੁੁੁਰਜਿੰਦਰ ਸਿੰਘ ਜੱਸਰ, ਖਾਲਸਾ ਏਡ ਦੀ ਟੀਮ, ਸਾਰੇ ਗੁਰੂ ਘਰ ਅਤੇ ਧਾਰਮਿਕ ਜਥੇਬੰਦੀਆਂ ਸਮੇਤ, ਸ: ਲਖਵੀਰ ਸਿੰਘ ਤੂਰ, ਸ੍ਰੀ ਧਰੁਵ ਕੁੁਮਾਰ ਅਤੇ ਸ੍ਰੀਮਤੀ ਮੋਨਿਕਾ ਕੁਮਾਰ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਦੇਗ ਦੀ ਸੇਵਾ ਸਿੱਖ ਸੁਸਾਇਟੀ ਗੁਰਦੁਆਰਾ ਗਲੈਨ ਓਸਮੰਡ ਦੇ ਸੇਵਾਦਾਰਾਂ ਵਲੋਂ ਨਿਭਾਈ ਜਾਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਪਾਰਲੀਮੈਂਟ ‘ਚ ਪੂਰਨ ਮਰਿਯਾਦਾ ਅਨੁਸਾਰ ਲਿਆਂਦੀ ਜਾਵੇਗੀ |


ਸੰਗਤੀ ਤੌਰ ‘ਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਹੋਣਗੇ, ਉਪਰੰਤ ਕੀਰਤਨ ਰਾਹੀਂ ਸੰਗਤ ਨਾਲ ਸਾਂਝ ਪਾਈ ਜਾਵੇਗੀ | ਸਾਰੇ ਕਾਰਜ ਲਈ ਬਕਾਇਦਾ ਇਜਾਜ਼ਤ ਲਈ ਜਾ ਚੁੱਕੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਸਹਿਤ ਲਿਆਉਣ ਅਤੇ ਲਿਜਾਣ ਲਈ ਅਤੇ ਸਮੁੱਚੇ ਪ੍ਰੋਗਰਾਮ ਦੌਰਾਨ ਪਾਰਲੀਮੈਂਟ ‘ਚ ਪੂਰੀ ਮਰਿਆਦਾ ਅਨੁਸਾਰ ਸ਼ਿਰਕਤ ਕਰਨ ਲਈ ਪ੍ਰਬੰਧਕਾਂ ਵਲੋਂ ਪ੍ਰਬੰਧ ਕੀਤੇ ਗਏ ਹਨ |