ਰਾਤੀਂ ਬੈਰੋਟਾਊਨ ਪੰਪ ਸਟੇਸ਼ਨ ਫ਼ੇਲ੍ਹ ਹੋਣੋਂ ਬਚਾਅ ਹੋ ਗਿਆ, ਜਿਸ ਕਾਰਨ ਐਬਸਫੋਰਡ ਦੇ ਸੂਮਸ-ਪਰੇਰੀ ਇਲਾਕੇ ‘ਚ ਹੋਰ ਨੁਕਸਾਨ ਹੋਣੋਂ ਬਚ ਗਿਆ।
ਅੱਜ ਸਵੇਰੇ ਮੇਅਰ ਹੈਨਰੀ ਬਰਾਊਨ ਵੱਲੋਂ ਦੱਸਿਆ ਗਿਆ ਕਿ ਪੰਪ ਹਾਲੇ ਵੀ ਕੰਮ ਕਰ ਰਹੇ ਹਨ। ਰਾਤੀਂ ਤਿੰਨ ਸੌ ਦੇ ਕਰੀਬ ਨਾਗਰਿਕ ਪੋਸਟਾਂ ਪੜ੍ਹ ਕੇ ਉੱਥੇ ਪੁੱਜ ਗਏ ਤੇ ਪ੍ਰਸ਼ਾਸਨ ਨਾਲ ਰਲ ਕੇ ਰੇਤ ਦੀਆਂ ਬੋਰੀਆਂ ਦੀ ਵੱਡੀ ਕੰਧ ਉਸਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਫਰੇਜ਼ਰ ਦਰਿਆ ‘ਚ ਪਾਣੀ ਦਾ ਪੱਧਰ ਦੋ ਮੀਟਰ ਘਟ ਗਿਆ ਹੈ ਤੇ ਅੱਜ ਇੱਕ ਮੀਟਰ ਹੋਰ ਘਟਣ ਦੀ ਉਮੀਦ ਹੈ, ਜਿਸ ਤੋਂ ਬਾਅਦ ਫ਼ਲੱਡ ਗੇਟ ਖੋਲ੍ਹ ਕੇ ਸੂਮਸ-ਪਰੇਰੀ ਦਾ ਪਾਣੀ ਦਰਿਆ ‘ਚ ਪਾਇਆ ਜਾ ਸਕਦਾ ਹੈ, ਜਿਸ ਨਾਲ ਇਸ ਇਲਾਕੇ ‘ਚ ਪਾਣੀ ਦਾ ਪੱਧਰ ਜਲਦੀ ਘਟ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਹੋਰ ਮੀਂਹ ਨਾ ਪਵੇ ਤੇ ਨਾ ਹੀ ਸਮੁੰਦਰ ਦਾ ਪਾਣੀ ਚੜ੍ਹਨ ਕਰਕੇ ਦਰਿਆ ਦਾ ਪੱਧਰ ਵਧੇ ਤਾਂ ਬਚਾਅ ਹੋ ਸਕਦਾ ਹੈ। ਰਾਤ ਪੰਪ ਚਲਦੇ ਰਹੇ ਕਾਰਨ ਕੁਝ ਸਮਾਂ ਮਿਲ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 1920 ਤੱਕ ਇਹ ਇਲਾਕਾ ਝੀਲ ਹੋਇਆ ਕਰਦਾ ਸੀ ਤੇ ਫਿਰ ਮਨੁੱਖ ਨੇ ਆਪਣੀ ਕਾਰੀਗਰੀ ਕਰਕੇ ਰਹਿਣਯੋਗ ਬਣਾ ਲਿਆ ਪਰ ਜਦ ਕੁਦਰਤ ਆਪਣੀ ਥਾਂ ਵਾਪਸ ਲੈੰਦੀ ਹੈ ਤਾਂ ਉਹ ਨੁਕਸਾਨ ਨਹੀਂ ਵੇਖਦੀ।
ਦੂਜੇ ਪਾਸੇ ਇਸ ਇਲਾਕੇ ‘ਚ ਘਿਰੇ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਂਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਦੱਸ ਦਿਆਂ ਕਿ ਗਰੇਟਰ ਵੈਨਕੂਵਰ ‘ਚ ਲੋਕਾਂ ਦੇ ਖਾਣ ਲਈ ਆਉਂਦੇ ਆਂਡੇ, ਮੀਟ, ਦੁੱਧ ਦਾ ਪੰਜਾਹ ਫੀਸਦੀ ਹਿੱਸਾ ਸੂਮਸ-ਪਰੇਰੀ ਇਲਾਕੇ ‘ਚ ਆਉਂਦਾ ਹੈ। ਗਾਵਾਂ ਨੂੰ ਵੱਡੀਆਂ ਕਿਸ਼ਤੀਆਂ ਮਗਰ ਬੰਨ੍ਹ ਕੇ ਉੱਚੇ ਥਾਂਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਮੁਰਗ਼ੀਆਂ ਦਾ ਬਚਣਾ ਔਖਾ ਹੈ।
ਇਸਦੇ ਨਾਲ ਹੀ ਰਾਹਤ ਕਾਰਜ ਵੀ ਤੇਜ਼ ਹੋ ਗਏ ਹਨ। ਸਰੀ ਤੇ ਐਬਸਫੋਰਡ ਦੇ ਗੁਰਦੁਆਰਿਆਂ ‘ਚੋਂ ਵੱਡੀ ਪੱਧਰ ‘ਤੇ ਭੋਜਨ ਤਿਆਰ ਕਰਕੇ ਉਧਰ ਭੇਜਿਆ ਜਾ ਰਿਹਾ ਹੈ। ਇਸ ਕੰਮ ਲਈ ਪ੍ਰਾਈਵੇਟ ਹੈਲੀਕਾਪਟਰ ਕਿਰਾਏ ‘ਤੇ ਲਏ ਗਏ ਹਨ। ਸਰਕਾਰੀ ਹੈਲੀਕਾਪਟਰ ਵੀ ਖਾਣ ਵਾਲੀ ਸਮੱਗਰੀ ਸੁੱਟ ਰਹੇ ਹਨ ਤੇ ਫਸੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ। ਹੋਰ ਸੰਸਥਾਵਾਂ ਤੇ ਲੋਕ ਵੀ ਆਪਣੇ ਪੱਧਰ ‘ਤੇ ਡਟੇ ਹੋਏ ਹਨ।
ਆਓ! ਆਪਾਂ ਸਾਰੇ ਬੀਸੀ ਵਾਸੀ ਕਿਸੇ ਨਾ ਕਿਸੇ ਤਰੀਕੇ ਇਸ ਮਦਦ ਦਾ ਹਿੱਸਾ ਬਣੀਏ ਤੇ ਬਿਪਤਾ ‘ਚ ਘਿਰੇ ਲੋਕਾਂ ਨਾਲ ਖੜ੍ਹੀਏ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ