ਹੱਕ – ਸੱਚ ਦੀ ਲੜਾਈ ਲੜਦਾ ਰਹਾਂਗਾ – ਸਿੱਧੂ
ਚੰਡੀਗੜ੍ਹ, 29 ਸਤੰਬਰ – ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਉਹ ਹੱਕ – ਸੱਚ ਦੀ ਲੜਾਈ ਲੜਦੇ ਰਹਿਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਨਿੱਜੀ ਨਹੀਂ ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਨੈਤਿਕਤਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦਾ ਕਹਿਣਾ ਹੈ ਕਿ ਦਾਗ਼ੀ ਲੀਡਰਾਂ ਅਤੇ ਅਫ਼ਸਰਾਂ ਨੂੰ ਦੋਬਾਰਾ ਲਿਆਂਦਾ ਗਿਆ ਹੈ |
ਪੰਜਾਬ ਦੀ ਸਿਆਸਤ ਬਾਰੇ ਸੂਤਰਾਂ ਦੇ ਕਿਆਫੇ ਅੱਜ ਕੁਝ ਇਸ ਤਰਾਂ ਰਹੇਃ
-ਇਹ ਸਭ ਖੇਡ ਮਨਪ੍ਰੀਤ ਬਾਦਲ ਆਪਣੇ ਤਾਏ ਨਾਲ ਰਲ਼ ਕੇ ਖੇਡ ਰਿਹੈ, ਜਿਸਦਾ ਸੁਖਬੀਰ ਨਾਲ ਗੁਪਤ ਸਮਝੌਤਾ ਹੋ ਚੁੱਕਾ।
-ਸਿੱਧੂ ਤੋਂ ਅਸਤੀਫ਼ੇ ਦਾ ਡਰਾਮਾ ਕਰਵਾਇਆ ਗਿਆ ਤਾਂ ਕਿ ਉਸਨੂੰ ਵਾਪਸ ਲਿਆ ਕੇ ਲੋਕਾਂ ’ਚ ਹੋਰ ਹੀਰੋ ਬਣਾਇਆ ਜਾ ਸਕੇ।
-ਚੰਨੀ ਨੇ ਇਕੱਲੇ ਇਕੱਲੇ ਮੰਤਰੀ ਤੋਂ ਪੱਚੀ ਪੱਚੀ ਕਰੋੜ ਲੈ ਲਏ ਤੇ ਸਿੱਧੂ ਇਸ ਗੱਲ ਤੋਂ ਨਾਰਾਜ਼ ਹੋ ਗਿਆ।
-ਪੈਸੇ ਹਾਈਕਮਾਂਡ ਵਲੋੰ ਲੈਣ ਲਈ ਕਿਹਾ ਗਿਆ ਸੀ, ਜੋ ਖ਼ੁਦ ਭੁੱਖ ਨਾਲ ਟੱਕਰਾਂ ਮਾਰ ਰਹੀ ਹੈ ਕਿਉਂਕਿ ਕੇਂਦਰ ਵਿੱਚ ਸਰਕਾਰ ਬਣੀ ਨੂੰ ਚਿਰ ਹੋ ਗਿਆ।
-ਸਿੱਧੂ ਤੇ ਕੈਪਟਨ ਵਿਚਾਲੇ ਜੰਗ ਅਸਲ ਵਿੱਚ ਗਾਂਧੀ ਪਰਿਵਾਰ ਦੀ ਆਪਸੀ ਜੰਗ ਹੈ, ਜਿਸ ਵਿੱਚ ਇੱਕ ਪਾਸੇ ਸੋਨੀਆ ਹੈ ਤੇ ਦੂਜੇ ਪਾਸੇ ਓਹਦੇ ਨਿਆਣੇ।
-ਬਹੁਤੇ ਸੂਤਰ ਇਹ ਗੱਲ ਬੜੇ ਜ਼ੋਰ ਨਾਲ ਕਹਿ ਰਹੇ ਕਿ ਉਨ੍ਹਾਂ ਪਹਿਲਾਂ ਹੀ ਦੱਸਿਆ ਸੀ ਕਿ ਸਿੱਧੂ ਨੂੰ ਭਾਜਪਾ ਨੇ ਕਾਂਗਰਸ ਖਿਲਾਰਨ ਲਈ ਭੇਜਿਆ।
ਉਪਰਲੇ ਸਾਰੇ ਕਿਆਫੇ ਸੱਚ ਜਾਂ ਝੂਠ ਹੋ ਸਕਦੇ ਹਨ ਪਰ ਮੇਰੇ ਭਰੋਸੇਯੋਗ ਸੂਤਰਾਂ ਨੇ ਪੱਕੀ ਖ਼ਬਰ ਕੱਢੀ ਹੈ ਕਿ ਹਰਮਨ ਚੀਮੇ ਨੇ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਸਬੂਤ ਵਜੋਂ ਵੀਡੀਓ ਨਾਲ ਪਾ ਰਿਹਾਂ।
*ਵਿਅੰਗ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ