ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਵੇਲੇ ਚਰਨਜੀਤ ਚੰਨੀ ਨੇ ਕਿਹਾ, ‘ਕਾਂਗਰਸ ਵੱਲੋਂ ਹੁਣ ਸਿੱਧੂ ਮੂਸੇਵਾਲਾ ਦਾ ਬੰਬੀਹਾ ਬੋਲੇਗਾ’, ਸਿੱਧੂ ਦੇ ਗਾਣਿਆਂ ਨੂੰ ਮੱਦੇਨਜ਼ਰ ਰੱਖੇ ਹੋਏ ਕਾਂਗਰਸ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਤੁਸੀਂ ਕੀ ਸੋਚਦੇ ਹੋ

ਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਆਮ ਲੋਕਾਂ ਦੀ ਵਿਚਾਰਧਾਰਾ ਨਾਲ ਜੁੜੀ ਪਾਰਟੀ ਹੈ ਇਸ ਲਈ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਉਨ੍ਹਾਂ ਦੀ ਸ਼ਮੂਲੀਅਤ ਦੇ ਮੌਕੇ ਗਨ ਕਲਚਰ ਬਾਰੇ ਲਿਖੇ ਉਨ੍ਹਾਂ ਦੇ ਗੀਤ ਤੇ ਉਨ੍ਹਾਂ ’ਤੇ ਦਰਜ ਮਾਮਲਿਆਂ ਬਾਰੇ ਸਵਾਲ ਨਵਜੋਤ ਸਿੰਘ ਸਿੱਧੂ ਨੂੰ ਪੁੱਛੇ ਗਏ।

ਸਿੱਧੂ ਮੂਸੇਵਾਲਾ ਨੇ ਕਿਹਾ, “ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਤੁਹਾਡੇ ਸਾਰਿਆਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਮੈਨੂੰ ਅੱਜ ਇਹ ਮੁਕਾਮ ਪ੍ਰਾਪਤ ਹੋਇਆ ਹੈ।”

“ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ, ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆਂ, ਜਿਸ ਵਿੱਚ ਮੇਰੀ ਸ਼ੁਰੂਆਤ ਹੈ।”

“ਪਹਿਲਾਂ ਮੇਰਾ ਇਸ ਤਰਫ ਕੋਈ ਖ਼ਾਸ ਰੁਝਾਨ ਵੀ ਨਹੀਂ ਸੀ ਕਿਉਂਕਿ ਜਿੰਨੇ ਬੰਦੇ ਸੰਗੀਤ ਵਾਲੇ ਹੁੰਦੇ ਹਨ ਉਨ੍ਹਾਂ ਦੀ ਦੁਨੀਆਂ ਕੁਝ ਹੋਰ ਹੁੰਦੀ ਹੈ।”

“ਪਰ ਸ਼ੁਰੂ ਤੋਂ ਮੇਰਾ ਜੁੜਾਅ ਪਿੰਡ ਨਾਲ ਰਿਹਾ, ਅਸੀਂ ਆਮ ਪਰਿਵਾਰਾਂ ‘ਚੋਂ ਉੱਠੇ ਹੋਏ ਲੋਕ ਹਾਂ।”

“ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ, ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ।”

“ਮੇਰੇ ਨਾਲ ਸਾਡਾ ਮਾਨਸਾ-ਬਠਿੰਡਾ ਦਾ ਇਲਾਕਾ ਜਿਸ ਤਰ੍ਹਾਂ ਜੁੜਿਆ ਹੋਇਆ ਹੈ, ਉਹ ਉਨ੍ਹਾਂ ਦਾ ਪਿਆਰ, ਉਨ੍ਹਾਂ ਦੀਆਂ ਦੁਆਵਾਂ ਤੇ ਆਸਾਂ ਹਨ।”

“ਮੈਂ ਕਾਂਗਰਸ ‘ਚ ਹੀ ਕਿਉਂ ਸ਼ਾਮਲ ਹੋਇਆ, ਇਸਦਾ ਇੱਕ ਬਹੁਤ ਵੱਡਾ ਕਾਰਨ ਹੈ।”

“ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਸ ਦੇ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ।”

“ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ। ਕਿੱਤਿਆਂ ਤੋਂ, ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ।”

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰਕਾਰਾਂ ਨੇ ਸਿੱਧੂ ਮੂਸੇਵਾਲਾ ਦੇ ਗਨ ਕਲਚਰ ਵਾਲੇ ਗਾਣਿਆਂ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ।

ਸਿੱਧੂ ਮੂਸੇਵਾਲਾ ’ਚੇ ਚੱਲਦੇ ਕੇਸਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ, “ਇਸ ਗੱਲ ਨੂੰ ਸਮਝੋ ਕਿ ਕੇਸ ਪੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਗਿਲਟੀ (ਦੋਸ਼ੀ) ਹੋ ਗਿਆ। ਮੇਰੇ ‘ਤੇ ਕੇਸ ਪਏ ਸੀ, ਫਿਰ ਲੋਕਾਂ ਨੇ ਛੇ ਚੋਣਾਂ ਜਿੱਤਵਾ ਦਿੱਤੀਆਂ।”

”ਪਹਿਲੀ ਗੱਲ ਤਾਂ ਇਹ ਕਿ ਜਦੋਂ ਸਬਜਿਊਡੀਸ਼ ਮਾਮਲਾ ਹੈ ਫਿਰ ਅਦਾਲਤ ਦੀ ਕਿਸੇ ਗੱਲ ‘ਤੇ ਕੋਈ ਟਿੱਪਣੀ ਕਰਨੀ ਵਾਜਿਬ ਨਹੀਂ ਹੈ।”

“ਫਿਰ ਵੀ ਜੇ ਤੁਸੀਂ ਸਵਾਲ ਪੁੱਛਿਆ ਹੈ, ਤਾਂ ਜਿਹੜੇ ਰੁੱਖ ‘ਤੇ ਅੰਬ ਲੱਗਦੇ ਹਨ ਰੋੜੇ ਵੀ ਉਸੇ ਨੂੰ ਵੱਜਦੇ ਹਨ। ਬਹੁਤ ਲੋਕ ਨੇ ਇਸ ਧਰਤੀ ‘ਤੇ ਜਿਨ੍ਹਾਂ ‘ਤੇ ਕੇਸ ਪਏ ਹੋਏ ਨੇ। ਫੇਰ ਕੀ ਹੋ ਗਿਆ।”