ਲੰਡਨ, 20 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਬਿਟਕੋਇਨ ਵਪਾਰੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ 300 ਮਿਲੀਅਨ ਪੌਂਡ ਦੀ ਕਿ੍ਪਟੋ ਕਰੰਸੀ ਦਾ ਨੁਕਸਾਨ ਹੋਇਆ ਹੈ ਕਿਉਂਕਿ ਉਸ ਦੀ ਮਾਂ ਨੇ ਉਸ ਦੇ ਟੁੱਟੇ ਹੋਏ ਲੈਪਟਾਪ ਨੂੰ ਸੁੱਟ ਦਿੱਤਾ, ਜਿਸ ‘ਚ ਕਰੰਸੀ ਨਾਲ ਸਬੰਧਿਤ ਪਾਸਵਰਡ ਸਾਂਭੇ ਜਾਂ ਲਕੋ ਕੇ ਰੱਖੇ ਹੋਏ ਸਨ |

ਆਪਣੀ ਪਛਾਣ ਨੂੰ ਗੁਪਤ ਰੱਖਦੇ ਹੋਏ, ਵਿਅਕਤੀ ਨੇ ਕਿਹਾ ਹੈ ਕਿ ‘ਬਿਟਕੋਇਨ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਕੋਲ ਮੌਜੂਦ 10,000 ਬਿਟਕੋਇਨਾਂ ਦੀ ਕੀਮਤ ਵਰਤਮਾਨ ਵਿਚ ਕਿੰਨੀ ਹੈ | ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਬਿਟਕੋਇਨ 2010 ਵਿਚ ਇਕ ਪ੍ਰਯੋਗ ਦੇ ਤੌਰ ‘ਤੇ ਖਰੀਦੇ ਸਨ |

ਰੇਡਟ ਯੂਜ਼ਰ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਬਿਟਕੋਇਨ ਖਰੀਦਣ ਦੀ ਸਲਾਹ ਦਿੱਤੀ ਸੀ, ਜਿਸ ਦੀ ਕੀਮਤ ਉਦੋਂ ਸਿਰਫ 80 ਡਾਲਰ (ਕਰੀਬ 6 ਹਜ਼ਾਰ ਰੁਪਏ) ਸੀ | ਪਰ ਗ੍ਰੈਜੂਏਸ਼ਨ ਤੋਂ ਬਾਅਦ ਉਹ ਵਿਅਸਤ ਹੋ ਗਿਆ ਅਤੇ ਬਿਟਕੋਇਨ ਬਾਰੇ ਭੁੱਲ ਗਿਆ |

ਕਈ ਸਾਲਾਂ ਬਾਅਦ ਜਦੋਂ ਬਿਟਕੋਇਨ ਸੁਰਖੀਆਂ ‘ਚ ਆਇਆ ਤਾਂ 25 ਸਾਲ ਦੇ ਨੌਜਵਾਨ ਨੂੰ ਯਾਦ ਆਇਆ ਕਿ ਉਸ ਨੇ ‘ਕੁਝ’ ਸਿੱਕੇ ਵੀ ਖਰੀਦੇ ਸਨ ਪਰ ਜਦੋਂ ਉਹ ਘਰ ਪਹੁੰਚਿਆ ਅਤੇ ਆਪਣਾ ਪੁਰਾਣਾ ਲੈਪਟਾਪ ਲੱਭਣ ਲੱਗਾ ਤਾਂ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਦਾ ਪੁਰਾਣਾ ਲੈਪਟਾਪ ਕਈ ਸਾਲਾਂ ਤੋਂ ਟੁੱਟਾ ਪਿਆ ਸੀ ਅਤੇ ਉਸ ਦੀ ਮਾਂ ਨੇ ਉਸ ਦਾ ਪੁਰਾਣਾ ਲੈਪਟਾਪ ਸੁੱਟ ਦਿੱਤਾ ਸੀ | ਜਦ ਕਿ ਉਹ ਇਕ ਅਰਬਪਤੀ ਹੋ ਸਕਦਾ ਸੀ |