ਠੇਠ ਪੰਜਾਬੀ ਮੁਹਾਵਰੇ ਨਾਲ ਭਰਪੂਰ ਮੰਨਾ ਇਸ ਇੰਟਰਵਿਊ ‘ਚ ਮਨੋਰੰਜਨ ਤਾਂ ਕਰਦਾ ਹੀ ਹੈ ਪਰ ਨਾਲ ਹੀ ਕੁਝ ਤੀਰ ਵੀ ਛੱਡਦਾ, ਜੋ ਭਵਿੱਖ ’ਚ ਸਹੀ ਨਿਸ਼ਾਨੇ ’ਤੇ ਲੱਗੇ ਦਿਸ ਸਕਦੇ ਹਨ।ਦੇਖਣ ਵਾਲੀ, ਸਮਾਂ ਤੇ ਪੈਸਾ ਵਸੂਲ ਕਰਨ ਵਾਲੀ ਗੱਲਬਾਤ,ਜੋ ਸੂਤਰਾਂ ‘ਤੇ ਆਧਾਰਿਤ ਨਹੀਂ ਬਲਕਿ ਲੱਖਣਾਂ ‘ਤੇ ਆਧਾਰਿਤ ਹੈ।

ਗੁਰਕੀਰਤ ਕੋਟਲੀ ਤੇ ਰਾਣੇ ਗੁਰਜੀਤ ਵਰਗੇ ਮੰਤਰੀ ਬਣਾ ਦਿੱਤੇ, ਬੇਅਦਬੀਆਂ ’ਚ ਪੀੜਤ ਧਿਰ ਨੂੰ ਦੋਸ਼ੀ ਬਣਾਉਣ ਵਾਲਾ ਪੁਲਿਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਡੀਜੀਪੀ ਲਾ ਦਿੱਤਾ, ਸੁਮੇਧ ਸੈਣੀ ਤੇ ਪਰਮਰਾਜ ਉਮਰਨੰਗਲ ਨੂੰ ਬਚਾਉਣ ਵਾਲਾ ਉਨ੍ਹਾਂ ਨੂੰ ਫੜਨ ਲਈ ਲਾ ਦਿੱਤਾ ਚੰਨੀ ਨੇ……..ਜਵਾਬਦੇਹ ਤਾਂ ਨਵਜੋਤ ਸਿੱਧੂ ਨੂੰ ਹੋਣਾ ਪੈਣਾ ਸੀ।
ਦਿੱਲੀ ਕਦੇ ਵੀ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਨੂੰ ਅੱਗੇ ਨਹੀਂ ਲੱਗਣ ਦੇਵੇਗੀ, ਚਾਹੇ ਉਹ ਪੰਜਾਬਪ੍ਰਸਤ ਹਿੰਦੂ ਡਾ ਧਰਮਵੀਰ ਗਾਂਧੀ ਹੋਵੇ ਜਾਂ ਕੇਸਾਧਾਰੀ ਸ਼ਿਵਭਗਤ ਨਵਜੋਤ ਸਿੱਧੂ। ਸਿੱਧੂ ਜਾਂ ਤਾਂ ਦਿੱਲੀ ਦੀ ਵਾਹੀ ਲੀਕ ਉੱਪਰ ਤੁਰੇ, ਵਰਨਾ ਲਾਂਭੇ ਹੋਣ ਤੋਂ ਸਿਵਾ ਉਸ ਕੋਲ ਕੋਈ ਚਾਰਾ ਨਹੀਂ ਸੀ, ਸੋ ਅਸਤੀਫ਼ਾ ਦੇ ਗਿਆ।

ਨਵਜੋਤ ਸਿੱਧੂ ਵੱਲੋਂ ਚਾਣਚੱਕ ਦਿੱਤੇ ਅਸਤੀਫ਼ੇ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕਾਫ਼ੀ ਨਮੋਸ਼ੀ ਵਿਚ ਹਨ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਡਟਵਾਂ ਸਟੈਂਡ ਲੈ ਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਸੀ। ਇਕ ਸੀਨੀਅਰ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵਿਸ਼ਵਾਸਘਾਤ ਕੀਤਾ ਹੈ ਜਦੋਂ ਕਿ ਪੰਜਾਬੀਆਂ ਦੀ ਪਛਾਣ ਹੀ ਭਰੋਸਾ ਹੈ। ਅਮਰਿੰਦਰ ਤਾਂ ਪਹਿਲਾਂ ਹੀ ਰਾਹੁਲ ਤੇ ਪ੍ਰਿਯੰਕਾ ਨੂੰ ਅਨਾੜੀ ਆਖ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਾਅਰਾ ਹੁਣ ‘ਠੋਕੋ ਤਾਲੀ’ ਹੋਣਾ ਚਾਹੀਦਾ ਹੈ ਕਿਉਂਕਿ ਸਿੱਧੂ ਦੇ ਅਸਤੀਫ਼ੇ ’ਚ ਪੰਜਾਬ ਕਾਂਗਰਸ ਦਾ ਵੱਡਾ ਭਲਾ ਹੈ। ਆਗੂ ਨੇ ਕਿਹਾ ਕਿ ਸਿੱਧੂ ਨੂੰ ਹੁਣ ਮਨਾਉਣਾ ਨਹੀਂ ਚਾਹੀਦਾ ਹੈ।

ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਉਦੋਂ ਹੀ ਉੱਖੜੇ ਮਹਿਸੂਸ ਕਰਨ ਲੱਗੇ ਸਨ ਜਦੋਂ ਬਾਗ਼ੀ ਧੜੇ ਨੇ ਅਮਰਿੰਦਰ ਨੂੰ ਤਬਦੀਲ ਕਰਨ ਦੀ ਮੰਗ ਰੱਖ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਸਿੱਧੂ ਚਾਹੁੰਦੇ ਸਨ ਕਿ ਅਮਰਿੰਦਰ ਬਣੇ ਰਹਿਣ ਅਤੇ ਉਹ ਅਮਰਿੰਦਰ ’ਤੇ ਹੱਲੇ ਬੋਲਦੇ ਰਹਿਣ। ਆਗਾਮੀ ਚੋਣਾਂ ’ਚ ਉਹ (ਸਿੱਧੂ) ਮੁੱਖ ਮੰਤਰੀ ਦਾ ਚਿਹਰਾ ਬਣਨ। ਜਦੋਂ ਹਾਈਕਮਾਨ ਨੇ ਮੁੱਖ ਮੰਤਰੀ ਤੋਂ ਅਸਤੀਫ਼ਾ ਲੈ ਲਿਆ ਤਾਂ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਆ ਗਏ। ਨਵਜੋਤ ਸਿੱਧੂ ਨੇ ਸਿਆਸੀ ਪੈਂਤੜਾ ਖੇਡਦਿਆਂ ਚਰਨਜੀਤ ਚੰਨੀ ਦੀ ਹਮਾਇਤ ਕਰ ਦਿੱਤੀ। ਜਦੋਂ ਹਾਈਕਮਾਨ ਨੂੰ ਇਹ ਸਿਆਸੀ ਪੈਂਤੜਾ ਰਾਸ ਆ ਗਿਆ ਅਤੇ ਚੰਨੀ ਦੀ ਪਹਿਲੇ ਹਫ਼ਤੇ ਭੱਲ ਬਣਨੀ ਸ਼ੁਰੂ ਹੋ ਗਈ ਤਾਂ ਨਵਜੋਤ ਸਿੱਧੂ ਨੂੰ ਆਪਣੇ ਸਿਆਸੀ ਰਾਹਾਂ ’ਚ ਕੰਢੇ ਦਿਖਣ ਲੱਗੇ। ਸਿੱਧੂ ਵੱਲੋਂ ਡੀਜੀਪੀ ਅਤੇ ਐਡਵੋਕੇਟ ਜਨਰਲ ਜੋ ਖ਼ਿਲਾਫ਼ ਤਰਕ ਦਿੱਤਾ ਜਾ ਰਿਹਾ ਹੈ, ਉਹ ਇਖ਼ਲਾਕੀ ਤੌਰ ’ਤੇ ਭਾਵੇਂ ਠੀਕ ਹੈ, ਪਰ ਨਵਜੋਤ ਸਿੱਧੂ ਇਸ ਅਸਤੀਫ਼ੇ ਨਾਲ ਆਪਣੇ ਅੰਦਰ ਦੀ ਸਿਆਸੀ ਮਨਸ਼ਾ ਛੁਪਾ ਨਹੀਂ ਸਕੇ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਚੰਗੇ ਲੀਡਰ ਹਨ ਅਤੇ ਉਹ ਸਿੱਧੂ ਨਾਲ ਬੈਠ ਕੇ ਗੱਲ ਕਰਨਗੇ ਅਤੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ। ਚੰਨੀ ਨੇ ਕਿਹਾ ਕਿ ਜਦੋਂ ਬੈਠਾਂਗੇ ਤਾਂ ਮਸਲਾ ਸੁਲਝਾ ਲਵਾਂਗੇ। ਉਨ੍ਹਾਂ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਹੀ ਦੱਸਿਆ।

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕੀਤਾ ਜਾਵੇ ਅਤੇ ਕਿਸੇ ਸਮਰੱਥ ਵਿਅਕਤੀ ਨੂੰ ਪ੍ਰਧਾਨ ਲਾਇਆ ਜਾਵੇ। ਅਮਰਿੰਦਰ ਨੇ ਜਾਖੜ ਨੂੰ ਇਸ ਅਹੁਦੇ ਲਈ ਯੋਗ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕੋਈ ਸਿਧਾਂਤ ਨਹੀਂ ਹਨ ਅਤੇ ਉਹ ਆਉਂਦੇ ਦਿਨਾਂ ਵਿਚ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾ ਲਵੇਗਾ। ਕੈਪਟਨ ਨੇ ਕਿਹਾ ਕਿ ਸਿੱਧੂ ਕੁਝ ਵਜ਼ੀਰਾਂ ਨੂੰ ਕੁਰਸੀ ਮਿਲਣ ਤੋਂ ਔਖਾ ਹੈ ਅਤੇ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦਾ ਹੈ ਜਦੋਂ ਕਿ ਵਜ਼ੀਰ ਬਣਾਉਣਾ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ। ਇਸ ਤੋਂ ਪਹਿਲਾਂ ਅਮਰਿੰਦਰ ਨੇ ਇਕ ਟਵੀਟ ਵਿੱਚ ਕਿਹਾ, ‘‘ਮੈਂ ਪਹਿਲਾਂ ਹੀ ਕਿਹਾ ਸੀ ਕਿ ਨਵਜੋਤ ਸਿੱਧੂ ਸਥਿਰ ਵਿਅਕਤੀ ਨਹੀਂ ਹੈ ਅਤੇ ਉਹ ਸਰਹੱਦੀ ਸੂਬੇ ਦੇ ਅਨੁਕੂਲ ਨਹੀਂ ਹੈ।’’

ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਕਿਉਂਕਿ ਉਹ ਇਕ ਦਲਿਤ ਨੂੰ ਮੁੱਖ ਮੰਤਰੀ ਵਜੋਂ ਜਰ ਨਹੀਂ ਸਕੇ। ‘ਆਪ’ ਦੇ ਤਰਜਮਾਨ ਸੌਰਭ ਭਾਰਦਵਾਜ ਨੇ ਕਿਹਾ, ‘‘ਇਸ ਤੋਂ ਸਾਬਤ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਖ਼ਿਲਾਫ਼ ਹਨ। ਇਕ ਗ਼ਰੀਬ ਪੁੱਤ ਨੂੰ ਮੁੱਖ ਮੰਤਰੀ ਬਣਾਇਆ ਗਿਆ… ਪਰ ਸਿੱਧੂ ਕੋਲੋਂ ਇਹ ਜਰ ਨਹੀਂ ਹੋਇਆ। ਇਹ ਬਹੁਤ ਦੁਖਦਾਈ ਹੈ।’’