ਸਥਾਨਕ ਅਦਾਲਤੀ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਲੁਧਿਆਣਾ ਪੁਲਿਸ ਵਲੋਂ ਅਹਿਮ ਸੁਰਾਗ ਲੱਗਣ ਦਾ ਦਾਅਵਾ ਕੀਤਾ ਹੈ । ਅੱਜ ਦੇਰ ਰਾਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਅਹਿਮ ਸੁਰਾਗ ਲੱਗੇ ਹਨ , ਜਿਸ ਆਧਾਰ ’ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਮੁੱਢਲੀ ਰਿਪੋਰਟ ਥਾਣਾ ਡਿਵੀਜ਼ਨ ਨੰਬਰ 5 ਵਿਚ ਦਰਜ ਕਰ ਲਈ ਗਈ ਹੈ ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਵਿਚ ਧਾਰਾ 144 ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ 13-1-2022 ਤੱਕ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਲਾਗੂ ਰਹੇਗਾ। ਵਰਿੰਦਰ ਕੁਮਾਰ ਸ਼ਰਮਾ ਵਲੋਂ ਇਹ ਫ਼ੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਇਆਂ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਜ਼ਿਲ੍ਹਾ ਲੁਧਿਆਣਾ ਵਿਚ ਕਿਸੇ ਕਿਸਮ ਦੇ ਵਿਖਾਵੇ, ਰੈਲੀਆਂ, ਮੀਟਿੰਗ ਕਰਨਾ , ਧਰਨਾ, ਨਾਹਰੇ ਲਗਾਉਣਾ, ਪੰਜ ਜਾਂ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਮਨਾਹੀ ਹੈ । ਇਹ ਹੁਕਮ ਵਿਆਹ ਸ਼ਾਦੀਆਂ ਅਤੇ ਮਾਤਮਾ ’ਤੇ ਲਾਗੂ ਨਹੀਂ ਹੋਵੇਗਾ।
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿਚ ਅੱਜ ਦੁਪਹਿਰ ਉਕਤ ਹੋਏ ਬੰਬ ਧਮਾਕੇ ‘ਚ ਜ਼ਖ਼ਮੀਆਂ ਦੀ ਗਿਣਤੀ 6 ਹੋ ਗਈ ਹੈ । ਇਕ ਜ਼ਖ਼ਮੀ ਗੁਰਪ੍ਰੀਤ ਕੌਰ (35) ਵਾਸੀ ਫਰੈਂਡਜ਼ ਕਲੋਨੀ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ । ਪੁਲਿਸ ਅਧਿਕਾਰੀਆਂ ਨੂੰ ਇਸ ਜ਼ਖ਼ਮੀ ਔਰਤ ਬਾਰੇ ਅੱਜ ਰਾਤ ਹੀ ਹਸਪਤਾਲ ਵਲੋਂ ਸੂਚਨਾ ਦਿੱਤੀ ਗਈ ਸੀ । ਉਕਤ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ ।